Home Uncategorized ਨਰਮੇ ਵਿਚ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਸਰਵਪੱਖੀ ਕੀਟ ਪ੍ਰਬੰਧਨ ਅਪਣਾਉਣ...

ਨਰਮੇ ਵਿਚ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਸਰਵਪੱਖੀ ਕੀਟ ਪ੍ਰਬੰਧਨ ਅਪਣਾਉਣ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫ਼ਸਰ

21
0


ਫਰੀਦਕੋਟ 17 ਜੁਲਾਈ (ਭਗਵਾਨ ਭੰਗੂ – ਰੋਹਿਤ ਗੋਇਲ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਸਰਵੇਖਣ ਟੀਮਾਂ ਵੱਲੋ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਕੀਤੇ ਜਾ ਰਹੇ ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਰਮੇ ਦੀ 60-70 ਦਿਨ ਦੀ ਫਸਲ ਉੱਪਰ ਚਿੱਟੀ ਮੱਖੀ ਦਾ ਹਮਲਾ ਦੇਖਿਆ ਗਿਆ ਹੈ ਜਿਸ ਦੀ ਰੋਕਥਾਮ ਲਈ ਸਮੇਂ ਸਿਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਦੀ ਜ਼ਰੂਰਤ ਹੈ ।
ਪਿੰਡ ਭਾਣਾ ਵਿਚ ਨਰਮੇ ਦੀ ਫਸਲ ਦਾ ਜਾਇਜ਼ਾ ਲੈਂਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਵਿੱਚ ਨਰਮੇ ਦੀ ਫਸਲ ਉੱਪਰ ਕੀੜਿਆਂ ਦੇ ਸਰਵੇ ਅਤੇ ਸਰਵੇਖਣ ਲਈ 12 ਟੀਮਾਂ ਸਰਕਲ ਪੱਧਰ ,ਦੋ ਬਲਾਕ ਪੱਧਰ ਅਤੇ ਇੱਕ ਜ਼ਿਲਾ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋਂ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਸਵੇਰੇ 8.00 ਵਜੇ ਤੋਂ 10 ਵਜੇ ਤਕ ਸਰਵੇ ਅਤੇ ਸਰਵੇਖਣ ਕਰ ਰਹੀਆਂ ਹਨ।ਉਨਾਂ ਦੱਸਿਆ ਕਿ ਗੁਲਾਬੀ ਸੁੰਡੀ ਦੇ ਹਮਲੇ ਦੀ ਨਿਗਰਾਨੀ ਲਈ 500 ਸੈਕਸ ਫਿਰੋਮੋਨ ਟ੍ਰੈਪ ਲਗਾਏ ਗਏ ਹਨ ਜਿਨ੍ਹਾਂ ਵਿਚ ਗੁਲਾਬੀ ਸੁੰਡੀ ਦੇ ਪਤੰਗੇ ਰਹੇ ਹਨ ਪਰ ਕਿਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਨਹੀਂ ਆਇਆ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੀੜਿਆਂ ਦੇ ਹਮਲੇ ਸਬੰਧੀ ਕੀਤੇ ਜਾ ਰਹੇ ਸਰਵੇ ਅਤੇ ਸਰਵੇਖਣ ਦੌਰਾਨ ਖੇਤੀ ਅਧਿਕਾਰੀਆਂ ਨਾਲ ਪੂਰਨ ਸਹਿਯੋਗ ਕੀਤਾ ਜਾਵੇ ਤਾਂ ਜੋਂ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ।ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਦਾ ਹਰ ਹਫਤੇ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਲੋੜ ਮੁਤਾਬਿਕ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਰੋਕਥਾਮ ਕਰਨ। ਉਨਾਂ ਕਿਹਾ ਕਿ ਜੇਕਰ ਜ਼ਰੂਰਤ ਪਵੇ ਤਾਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ 500 ਮਿਲੀਲਿਟਰ ਪ੍ਰਫ਼ੀਨੌਫੋਸ 50 ਈ ਸੀ ਜਾਂ 100 ਗ੍ਰਾਮ ਐਮਾਮੈਕਟਿਨ ਬੈਨਜੋਏਟ 5 ਐਸ ਜੀ ਜਾਂ 200 ਮਿਲੀਲਿਟਰ ਇੰਡੋਕਸਾਕਾਰਬ 15 ਐਸ ਸੀ ਜਾਂ 250 ਗ੍ਰਾਮ ਥਾਇਓਡੀਕਾਰਬ 75 ਡਬਲਯੂ ਪੀ ਜਾਂ 800 ਮਿਲੀਲਿਟਰ ਇਥੀਓਨ 50 ਈ ਸੀ ਪ੍ਰਤੀ ਏਕੜ ਦਾ ਛਿੜਕਾਅ ਅਤੇ ਲੋੜ ਪੈਣ ਤੇ ਇਸਦਾ ਦੂਸਰਾ ਛਿੜਕਾਅ 7 ਦਿਨ ਬਾਅਦ ਦੁਬਾਰਾ ਕੀਤਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਨਰਮਾ ਦੀ ਫ਼ਸਲ ਵਿੱਚ ਚਿੱਟੀ ਮੱਖੀ ਦੇ ਲਗਾਤਾਰ ਸਰਵੇਖਣ ਦੌਰਾਨ ਇਸ ਕੀੜੇ ਦਾ ਹਮਲਾ ਕੁੱਝ ਖੇਤਾਂ ਵਿੱਚ ਆਰਥਿਕ ਕਗਾਰ (ਔਸਤਨ 6 ਚਿੱਟੀ ਮੱਖੀ ਪ੍ਰਤੀ ਪੱਤਾ) ਤੋਂ ਉੱਪਰ ਪਾਇਆ ਗਿਆ ਹੈ। ਉਨਾਂ ਕਿਸਾਨਾਂ ਨੂੰ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਫਸਲ ਨੂੰ ਸੋਕਾ ਨਾ ਲੱਗਣ ਦਿਓ, ਕਿਉਕਿ ਸੋਕੇ ਵਾਲੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਵਧੇਰੇ ਹੁੰਦਾ ਹੈ। ਉਨਾਂ ਦੱਸਿਆ ਕਿ ਜੇਕਰ ਜ਼ਰੂਰਤ ਪਵੇ ਤਾਂ ਨਰਮੇ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰੋ ਜਦੋਂ ਬੂਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ।ਉਨਾਂ ਕਿਹਾ ਕਿ ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 200 ਮਿਲੀਲਿਟਰ ਪਾਇਰੀਫਲੂਕੀਨਾਜ਼ੋਨ 20 ਡਬਲਯੂ ਜੀ ਜਾਂ 400 ਮਿਲੀਲਿਟਰ ਅਫਿਡੋਪਾਇਰੋਪਿਨ 50 ਡੀ ਸੀ ਜਾਂ 60 ਗ੍ਰਾਮ ਡਾਇਨੋਟੈਫ਼ੂਰਾਨ 20 ਐੱਸ ਸੀ ) ਜਾਂ 200 ਗ੍ਰਾਮ ਡਾਇਆਫੈਨਥੀਯੂਰੋਨ 50 ਡਬਲਿਊ ਪੀ ਛਿੜਕਾਅ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਟਰ ਪਾਈਰੀਪਰੋਕਸੀਫਿਨ 10 ਈ ਸੀ ਜਾਂ 200 ਮਿਲੀਲਿਟਰ ਸਪੈਰੋਮੈਸੀਫਿਨ 22.9 ਐੱਸ ਸੀ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨਾਂ ਦੇ ਨਾਲ ਡਾ.ਗੁਰਮਿੰਦਰ ਸਿੰਘ ,ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਹਾਜ਼ਰ ਸਨ।