ਫਗਵਾੜਾ,15 ਜੁਲਾਈ (ਭਗਵਾਨ ਭੰਗੂ) : ਫਗਵਾੜਾ ਦੇ ਚਹੇੜੂ ਪੁਲ਼ ਉਪਰ ਦੇਰ ਰਾਤ ਉਸ ਵੇਲੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਅਚਾਨਕ ਇਕ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ ਜਿਸ ਕਾਰਨ ਡਰਾਈਵਰ ਤੇ ਕੰਡਕਟਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ। ਇੱਥੇ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਵਲੋਂ ਡਰਾਈਵਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦਕਿ ਕੰਡਕਟਰ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਦਸਿਆ ਜਾ ਰਿਹਾ ਹੈ।ਮੌਕੇ ‘ਤੇ ਮ੍ਰਿਤਕ ਡਰਾਈਵਰ ਦੀ ਪਛਾਣ ਹਰਵਿੰਦਰ ਸਿੰਘ ਤੇ ਜ਼ਖ਼ਮੀ ਕੰਡਕਟਰ ਦੀ ਪਛਾਣ ਸੁਖਦੇਵ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ। ਹਾਦਸੇ ਦੀ ਸੂਚਨਾ ਕਿਸੇ ਰਾਹਗੀਰ ਵਲੋਂ ਚਹੇੜੂ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਚੌਕੀ ਇੰਚਾਰਜ ਦਰਸ਼ਨ ਸਿੰਘ ਭੱਟੀ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।ਇਸ ਸਬੰਧੀ ਚੌਕੀ ਇੰਚਾਰਜ ਨੇ ਦੱਸਿਆ ਕਿ ਹਾਦਸਾ ਰਾਤ ਕਰੀਬ 11 ਵਜੇ ਤੋਂ ਬਾਅਦ ਦਾ ਹੈ। ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਵਲੋਂ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਪੁਲ਼ ਤੋਂ ਹੇਠਾਂ ਰੱਸੇ ਸੁੱਟੇ ਗਏ ਤੇ ਇਕ ਵਿਅਕਤੀ ਨੂੰ ਵੀ ਰੱਸਿਆਂ ਸਹਾਰੇ ਪੁਲ਼ ਤੋਂ ਹੇਠਾਂ ਉਤਾਰਿਆ ਗਿਆ ਜਿਸ ਤੋਂ ਬੜੀ ਮੁਸ਼ੱਕਤ ਨਾਲ ਟਰੱਕ ‘ਚ ਫਸੇ ਡਰਾਈਵਰ ਤੇ ਕੰਡਕਟਰ ਨੂੰ ਰਸਿਆਂ ਦੇ ਸਹਾਰੇ ਬਾਹਰ ਕੱਢਿਆ ਗਿਆ। ਪੁਲਿਸ ਵਲੋਂ ਇਸ ਮਾਮਲੇ ‘ਚ ਅਗਲੇਰੀ ਕਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।