ਜਗਰਾਓਂ, 16 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਜਗਰਾਉਂ ਵਿਖੇ ਤਾਇਨਾਤ ਬੀ.ਡੀ.ਪੀ.ਓ.ਬਲਜੀਤ ਸਿੰਘ ਨਿਵਾਸੀ ਪਿੰਡ ਤਖਤੂਪੁਰਾ, ਥਾਣਾ ਸਦਰ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ, ਜਿੰਨਾਂ ਕੋਲ ਜਗਰਾਓਂ ਦੇ ਨਾਲ ਨਾਲ ਸਿੱਧਵਾਂਬੇਟ ਦਾ ਵੀ ਚਾਰਜ ਸੀ, ਨੂੰ ਸ਼ੁੱਕਰਵਾਰ ਦੇਰ ਸ਼ਾਮ ਵਿਧਾਨ ਸਭਾ ਹਲਕਾ ਦਾਖਾ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਡਾ: ਕੰਗ ਨੇ ਪਿੰਡ ਬਸੈਮੀ ਦੇ ਸਰਪੰਚ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਸ਼ਿਕਾਇਤ ’ਤੇ ਸਟਿੰਗ ਆਪ੍ਰੇਸ਼ਨ ਕਰਕੇ 15 ਹਜਾਰ ਰੁਪਏ ਰਿਸ਼ਵਤ ਦੇ ਪੈਸਿਆਂ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਆਪ੍ਰੇਸ਼ਨ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਸਰਪੰਚ ਨੇ ਡਾ ਕੰਗ ਨੂੰ ਬੀਡੀਪੀਓ ਵਲੋਂ ਵਿਕਾਸ ਕਾਰਜਾਂ ਦੇ ਬਿਲ ਪਾਸ ਕਰਨ ਲਈ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ ਸੀ। ਜਿਸਤੇ ਬਕਾਇਦਾ ਸਟਿੰਗ ਅਪ੍ਰੇਸ਼ਨ ਕਰਕੇ ਬੀਡੀਪੀਓ ਨੂੰ ਕਾਬੂ ਕੀਤਾ ਗਿਆ ਅਤੇ ਸਬੂਤਾਂ ਸਮੇਤ ਥਾਣਾ ਸਿੱਧਵਾਂਬੇਟ ਦੇ ਹਵਾਲੇ ਕਰ ਦਿੱਤਾ। ਉਥੇ ਉਸ ਦੇ ਖਿਲਾਫ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਬ-ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਬਸੈਮੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਜੋ ਕਿ ਪਿੰਡ ਦਾ ਸਰਪੰਚ ਹੈ, ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੇ ਪਿੰਡ ਵਿੱਚ ਇੰਟਰਲਾਕ ਟਾਈਲਾਂ ਲਾਈਆਂ ਗਈਆਂ ਸਨ ਅਤੇ ਸੀਵਰੇਜ ਦਾ ਕੰਮ ਕੀਤਾ ਗਿਆ ਸੀ। ਇਸ ਸਬੰਧੀ ਵਿਕਾਸ ਕਾਰਜਾਂ ਲਈ ਵਰਤੀ ਗਈ ਸਮੱਗਰੀ ਦੇ ਖਰਚੇ ਦਾ ਇੰਟਰਲਾਕ ਟਾਈਲਾਂ ਦਾ ਬਿੱਲ ਕਰੀਬ 1 ਲੱਖ 9000 ਰੁਪਏ ਸੀ ਅਤੇ ਬਾਠ ਇੰਟਰਲਾਕ ਟਾਈਲ ਹੰਬੜਾਂ ਫਾਰਮ ਤੋਂ ਖਰੀਦੀ ਗਈ ਸੀ ਅਤੇ ਪਾਈਪ ਪਾਉਣ ਲਈ 50000 ਰੁਪਏ ਦਾ ਬਿੱਲ ਬਾਲਾਜੀ ਪਾਈਪ ਫੈਕਟਰੀ ਜਗਰਾਉਂ ਨੂੰ ਦਿੱਤਾ ਜਾਣਾ ਸੀ। ਇਸ ਬਿੱਲ ਨੂੰ ਪਾਸ ਕਰਵਾਉਣ ਦੀ ਜ਼ਿੰਮੇਵਾਰੀ ਸਰਪੰਚ ਦੀ ਸੀ ਅਤੇ ਉਸ ਨੇ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਕਈ ਵਾਰ ਬਲਜੀਤ ਸਿੰਘ ਬੀਡੀਪੀਓ ਨੂੰ ਮਿਲ ਕੇ ਬਿੱਲ ਪਾਸ ਕਰਵਾਉਣ ਲਈ ਬੇਨਤੀ ਕੀਤੀ ਪਰ ਉਹ ਰਿਸ਼ਵਤ ਦੀ ਤਾਕ ਵਿੱਚ ਸੀ ਅਤੇ ਬਿੱਲ ਪਾਸ ਨਹੀਂ ਕਰ ਰਿਹਾ ਸੀ। ਅਖੀਰ ਬੀਡੀਪੀਓ ਨੇ ਉਸ ਕੋਲੋਂ ਬਿੱਲ ਪਾਸ ਕਰਵਾਉਣ ਲਈ 15,000 ਰੁਪਏ ਰਿਸ਼ਵਤ ਮੰਗੀ, ਜਿਸ ਨੂੰ ਸਵੀਕਾਰ ਕਰਨ ਲਈ ਸਾਨੂੰ ਮਜਬੂਰ ਹੋਣਾ ਪਿਆ। ਉਹ ਨਰਜੀਤ ਸਿੰਘ ਵਾਸੀ ਹੰਬੜਾ ਨੂੰ ਨਾਲ ਲੈ ਕੇ ਸ਼ਾਮ ਨੂੰ ਬੀਡੀਪੀਓ ਬਲਜੀਤ ਨੂੰ ਉਨ੍ਹਾਂ ਦੇ ਦਫ਼ਤਰ ਸਿੱਧਵਾਂਬੇਟ ਵਿਖੇ ਮਿਲੇ। ਉਥੇ ਉਸ ਨਾਲ ਗੱਲ ਕੀਤੀ ਅਤੇ ਉਸ ਨੂੰ ਸਾਡਾ ਬਿੱਲ ਪਾਸ ਕਰਨ ਲਈ ਕਿਹਾ ਤਾਂ ਉਸ ਨੇ 15,000 ਰੁਪਏ ਦੀ ਮੰਗ ਕੀਤੀ। ਜਿਸ ’ਤੇ ਬੀਡੀਪੀਓ ਨੂੰ ਆਪਣੀ ਜੇਬ ’ਚੋਂ ਪੈਸੇ ਕੱਢ ਕੇ ਦੇ ਦਿੱਤੇ ਅਤੇ ਉਸ ਨੇ ਆਪਣੀ ਜੇਬ ’ਚ ਪਾ ਲਏ। ਇਸ ਸਮੇਂ ਵਿਉਂਤ ਅਨੁਸਾਰ ਸਾਡੇ ਨਾਲ ਬਾਹਰ ਖੜ੍ਹੇ ਦੋਸਤਾਂ ਵਿੱਚੋਂ ਬਲਕਾਰ ਸਿੰਘ ਵਾਸੀ ਸਿੱਧਵਾਂਬੇਟ ਦੇ ਮੋਬਾਈਲ ਫੋਨ ਤੋਂ ਵੀਡੀਓ ਬਣਾਈ ਗਈ ਅਤੇ ਅੰਦਰ ਆ ਕੇ ਉਸ ਨੇ ਬੀ.ਡੀ.ਪੀ.ਓ. ਨੂੰ ਦੱਸਿਆ ਕਿ ਸਾਡੇ ਕੋਲ ਉਸ ਵਲੋਂ ਰਿਸ਼ਵਤ ਲੈਣ ਦੀ ਵੀਡੀਓ ਹੈ। ਤੁਸੀਂ ਸਰਪੰਚ ਸੁਖਵਿੰਦਰ ਸਿੰਘ ਤੋਂ ਰਿਸ਼ਵਤ ਲਈ ਹੈ। ਜਿਸ ’ਤੇ ਦੋਵਾਂ ਧਿਰਾਂ ਵਿੱਚ ਕਾਫੀ ਬਹਿਸ ਹੋਈ ਅਤੇ ਪੁਲੀਸ ਨੂੰ ਬੁਲਾਇਆ ਗਿਆ ਅਤੇ ਬੀਡੀਪੀਓ ਬਲਜੀਤ ਸਿੰਘ ਨੂੰ ਸਬੂਤਾਂ ਸਮੇਤ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ’ਤੇ ਬੀਡੀਪੀਓ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।