Home Protest ਮਾਰਕੀਟ ਕਮੇਟੀ ਅਧਿਕਾਰੀਆਂ ਦੀ ਨੱਕ ਹੇਠ ਨਾਜਾਇਜ਼ ਵਸੂਲੀ ਕਰ ਰਹੇ ਹਨ ਠੇਕੇਦਾਰ

ਮਾਰਕੀਟ ਕਮੇਟੀ ਅਧਿਕਾਰੀਆਂ ਦੀ ਨੱਕ ਹੇਠ ਨਾਜਾਇਜ਼ ਵਸੂਲੀ ਕਰ ਰਹੇ ਹਨ ਠੇਕੇਦਾਰ

39
0


ਦੁੱਗਣੀ ਪਾਰਕਿੰਗ ਫੀਸ ਵਸੂਲਣ ਨੂੰ ਲੈ ਕੇ ਹੋਇਆ ਹੰਗਾਮਾ
ਜਗਰਾਓਂ, 16 ਦਸੰਬਰ ( ਭਗਵਾਨ ਭੰਗੂ, ਜਗਰੂਪ ਸੋਹੀ )—ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਲੇ ਹੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੀ ਹੋਵੇ, ਪਰ ਇਸ ਦੇ ਰਗ ਰਗ ਵਿਚ ਵਸਿਆ ਹੋਇਆ ਭ੍ਰਿਸ਼ਟਾਚਾਰ ਘੱਟਣ ਦੀ ਬਜਾਏ ਵਧਦਾ ਨਜ਼ਰ ਆ ਰਿਹਾ ਹੈ। ਜਿਸ ਦੀ ਮਿਸਾਲ ਸ਼ਨੀਵਾਰ ਸਵੇਰੇ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਨੇੜੇ ਸਬਜ਼ੀ ਮੰਡੀ ਵਿੱਚ ਦੇਖਣ ਨੂੰ ਮਿਲੀ। ਉਥੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਅਤੇ ਸਬਜ਼ੀਆਂ ਦੀ ਖਰੀਦੋ-ਫਰੋਖਤ ਕਰਨ ਆਏ ਲੋਕਾਂ ਨੇ ਮਾਰਕੀਟ ਕਮੇਟੀ ਦੇ ਠੇਕੇਦਾਰਾਂ ਵੱਲੋਂ ਨਾਜਾਇਜ਼ ਪਾਰਕਿੰਗ ਦੀ ਵਸੂਲੀ ਕਰਕੇ ਕੀਤੀ ਜਾ ਰਹੀ ਧੋਖਾਧੜੀ ਦੇ ਵਿਰੋਧ ’ਚ ਭਾਰੀ ਹੰਗਾਮਾ ਕੀਤਾ ਅਤੇ ਠੇਕੇਦਾਰ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਮੌਕੇ ’ਤੇ ਝਗੜਾ ਇੰਨਾ ਵੱਧ ਗਿਆ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੂੰ ਉਥੇ ਪੁੱਜਣਾ ਪਿਆ। ਉਥੇ ਲੋਕਾਂ ਨੇ ਉਨ੍ਹਾਂ ਦੇ ਸਾਹਮਣੇ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਦਾ ਪਾਰਕਿੰਗ ਠੇਕੇਦਾਰ ਧੱਕੇ ਨਾਲ ਦੁੱਗਣੀ ਰਕਮ ਵਸੂਲ ਰਿਹਾ ਹੈ। ਸਕੂਟਰਾਂ ਅਤੇ ਮੋਟਰਸਾਈਕਲਾਂ ਦੀ ਕੋਈ ਪਾਰਕਿੰਗ ਫੀਸ ਨਾ ਹੋਣ ਦੇ ਬਾਵਜੂਦ ਮਨਮਾਨੇ ਪੈਸੇ ਵਸੂਲ ਕਰ ਰਿਹਾ ਹੈ। ਜੇਕਰ ਕੋੋਈ ਵਿਰੋਧ ਕਰਦਾ ਹੈ ਤਾਂ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ। ਠੇਕੇਦਾਰ ਵੱਲੋਂ ਕੰਡੇ ਤੇ ਸਕੇਲ ’ਤੇ ਤੋਲ ਸਮੇਂ ਇਕ ਵਾਹਨ ਤੋਂ 200 ਰੁਪਏ ਦੀ ਪਰਚੀ ਕੱਟੀ ਗਈ। ਜਦਕਿ ਫੀਸ 100 ਰੁਪਏ ਹੈ। ਜਦੋਂ ਵਾਹਨ ਚਾਲਕ ਨੇ ਵਿਰੋਧ ਕੀਤਾ ਤਾਂ ਠੇਕੇਦਾਰ ਦੇ ਬੰਦਿਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ। ਜਿਸ ਕਾਰਨ ਇਹ ਸਾਰਾ ਵਿਵਾਦ ਹੋਇਆ। ਡੀਐਸਪੀ ਨੇ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਤਾਂ ਪਰਮਜੀਤ ਸਿੰਘ, ਮੱਖਣ ਸਿੰਘ ਅਤੇ ਕ੍ਰਿਪਾਲ ਸਿੰਘ ਨੇ ਸ਼ਿਕਾਇਤ ਵਿੱਚ ਕਿਹਾ ਕਿ ਮੰਡੀ ਵਿੱਚ ਉਨ੍ਹਾਂ ਦੀਆਂ ਦੋ ਨੰਬਰ ਦੁਕਾਨ ਹੈ। ਕਾਨੂੰਨ ਅਨੁਸਾਰ ਠੇਕੇਦਾਰ ਨਿਰਧਾਰਿਤ ਫੀਸ ਤੋਂ ਵੱਧ ਫੀਸ ਨਹੀਂ ਲੈ ਸਕਦਾ ਪਰ ਠੇਕੇਦਾਰ ਨੇ ਸਾਡੇ ਵਾਹਨ ’ਤੇ ਦੁੱਗਣੀ ਫੀਸ ਵਸੂਲੀ। ਇਸ ਤੋਂ ਪਹਿਲਾਂ ਵੀ ਠੇਕੇਦਾਰ ਵੱਲੋਂ ਦੁੱਗਣੀ ਫੀਸ ਵਸੂਲਣ ਦਾ ਵਿਰੋਧ ਕੀਤਾ ਗਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਸ਼ਿਕਾਇਤ ਤੋਂ ਬਾਅਦ ਡੀਐਸਪੀ ਨੇ ਕਾਰਵਾਈ ਦਾ ਭਰੋਸਾ ਦਿੱਤਾ।
ਕਹਿਣ ’ਤੇ ਵੀ ਕਰਿੰਦਾ ਪੇਸ਼ ਨਹੀਂ ਹੋਇਆ-ਠੇਕੇਦਾਰ ਆਪਣੀ ਮਰਜ਼ੀ ਅਨੁਸਾਰ ਕੰਮ ਕਿਵੇਂ ਕਰਦੇ ਹਨ, ਇਸ ਦੀ ਮਿਸਾਲ ਵੀ ਮੌਜੂਦਾ ਘਟਨਾ ਵਿੱਚ ਦੇਖਣ ਨੂੰ ਮਿਲੀ। ਵਪਾਰੀ ਦੀ ਗੱਡੀ ਦੇ ਡਰਾਈਵਰ ਦੀ ਕੁੱਟਮਾਰ ਕਰਨ ਵਾਲੇ ਠੇਕੇਦਾਰ ਦੇ ਮੁਲਾਜ਼ਮ ਨੂੰ ਵਾਰ-ਵਾਰ ਵਿਧਾਇਕ ਤੇ ਪੁਲੀਸ ਅਧਿਕਾਰੀਆਂ ਵੱਲੋਂ ਠੇਕੇਦਾਰ ਨੂੰ ਉਸਨੂੰ ਪੇਸ਼ ਕਰਨ ਲਈ ਕਿਹਾ ਗਿਆ ਪਰ ਠੇਕੇਦਾਰ ਨੇ ਉਸ ਨੂੰ ਮੌਕੇ ’ਤੇ ਨਹੀਂ ਬੁਲਾਇਆ।
ਨਿਯਮਾਂ ਅਨੁਸਾਰ ਬੋਰਡ ਨਹੀਂ ਲਗਾਏ ਗਏ-
ਸਰਕਾਰੀ ਨਿਯਮਾਂ ਅਨੁਸਾਰ ਕਿਸੇ ਵੀ ਥਾਂ ’ਤੇ ਅਜਿਹਾ ਠੇਕਾ ਦੇਣ ਸਮੇਂ ਠੇਕੇਦਾਰ ਨੂੰ ਸਰਕਾਰੀ ਫੀਸ ਦੇ ਹਿਸਾਬ ਨਾਲ ਲਿਖਤੀ ਤੌਰ ’ਤੇ ਬੋਰਡ ਲਾਉਣ ਦੀ ਹਦਾਇਤ ਕੀਤੀ ਜਾਂਦੀ ਹੈ। ਪਰ ਸਬਜ਼ੀ ਮੰਡੀ ਵਿੱਚ ਰੇਟ ਲਿਸਟ ਦਾ ਕੋਈ ਬੋਰਡ ਨਹੀਂ ਲਾਇਆ ਗਿਆ। ਜਿਸ ਕਾਰਨ ਠੇਕੇਦਾਰ ਆਪਣੀ ਮਰਜ਼ੀ ਅਨੁਸਾਰ ਪੈਸੇ ਇਕੱਠੇ ਕਰਦੇ ਹਨ। ਇੱਥੇ ਵੱਡੀ ਗੱਲ ਇਹ ਹੈ ਕਿ ਮਾਰਕੀਟ ਕਮੇਟੀ ਦਾ ਦਫ਼ਤਰ ਸਬਜ਼ੀ ਮੰਡੀ ਦੇ ਨੇੜੇ ਹੀ ਹੈ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਅਤੇ ਮੁਲਾਜ਼ਮ ਮੰਡੀ ਦੇ ਸਮੇਂ ਦੌਰਾਨ ਹਰ ਰੋਜ਼ ਮੰਡੀ ਵਿਚ ਚੈਕਿੰਗ ਲਈ ਆਉਂਦੇ ਹਨ। ਪਰ ਉਨ੍ਹਾਂ ਨੇ ਕਦੇ ਵੀ ਇਸ ਨਾਜਾਇਜ਼ ਉਗਰਾਹੀ ਨੂੰ ਰੋਕਣ ਦੀ ਲੋੜ ਨਹੀਂ ਸਮਝੀ ਅਤੇ ਨਾ ਹੀ ਕਦੇ ਠੇਕੇਦਾਰ ਨੂੰ ਇਸ ਨੂੰ ਨਿਰਧਾਰਿਤ ਰੇਟ ਦੇ ਫਲੈਕਸ ਬੋਰਡ ਲਗਾਉਣ ਲਈ ਕਿਹਾ। ਬਲਕਿ ਇਸਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦਾ ਵਿਵਾਦ ਖੜਾ ਹੋ ਚੁੱਕਾ ਹੈ ਪਰ ਮਾਰਕੀਟ ਕਮੇਟੀ ਦੇ ਅਝਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸਗੋਂ ਮਾਮਲਾ ਦਬਾਉਣ ਲਈ ਹੀ ਕਾਰਵਾਈ ਕੀਤੀ ਗਈ। ਜੋ ਕਿ ਮਾਰਕੀਟ ਕਮੇਟੀ ਦੇ ਠੇਕੇਦਾਰਾਂ ਅਤੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ।
ਕੀ ਕਹਿਣਾ ਹੈ ਸੈਕਟਰੀ ਦਾ-
ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਕਮਲਜੀਤ ਸਿੰਘ ਕਲਸੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਜੋ ਵਿਵਾਦ ਹੋਇਆ ਹੈ, ਉਸ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਨਜਾਇਜ਼ ਵਸੂਲੀ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਕਿੰਗ ਸਬੰਧੀ ਠੇਕਾ ਮੰਡੀ ਬੋਰਡ ਵੱਲੋਂ ਦਿੱਤਾ ਜਾਂਦਾ ਹੈ। ਅਸੀਂ ਇਸ ਦੀ ਸੰਭਾਲ ਕਰਦੇ ਹਾਂ। ਅੱਜ ਦੀ ਘਟਨਾ ਲਈ ਠੇਕੇਦਾਰ ਨੂੰ ਨੋਟਿਸ ਭੇਜ ਕੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਾਰਕਿੰਗ ਅਤੇ ਹੋਰ ਫੀਸਾਂ ਸਬੰਧੀ ਸਰਕਾਰੀ ਨਿਯਮਾਂ ਅਨੁਸਾਰ ਫਲੈਕਸ ਬੋਰਡ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸਬਜ਼ੀਆਂ ਖਰੀਦ ਕੇ ਘਰ ਲਿਜਾਣ ਵਾਲੇ ਲੋਕਾਂ ਦੀ ਕੋਈ ਪਾਰਕਿੰਗ ਫੀਸ ਨਹੀਂ ਹੈ। ਪਾਰਕਿੰਗ ਫ਼ੀਸ ਸਿਰਫ਼ ਉਨ੍ਹਾਂ ਤੋਂ ਹੀ ਵਸੂਲੀ ਜਾਂਦੀ ਹੈ ਜੋ ਮੰਡੀ ਵਿੱਚੋਂ ਵਪਾਰਕ ਤੌਰ ’ਤੇ ਸਬਜ਼ੀਆਂ ਖਰੀਦ ਕੇ ਵੇਚਦੇ ਹਨ। ਜੇਕਰ ਠੇਕੇਦਾਰ ਹਰ ਕਿਸੇ ਤੋਂ ਪਾਰਕਿੰਗ ਫੀਸ ਵਸੂਲ ਰਿਹਾ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here