ਭੱਦਰਕਾਲੀ ਮੰਦਰ ਨੇੜੇ ਛੱਪੜ ’ਚ ਖੜ੍ਹੇ ਸਲਵਾੜ ਨੂੰ ਲੱਗੀ ਅੱਗ, ਹਜ਼ਾਰਾਂ ਪੰਛੀ ਸੜੇ
ਜਗਰਾਓਂ, 18 ਦਸੰਬਰ ( ਜਗਰੂਪ ਸੋਹੀ )- ਸਥਾਨਕ ਭੱਦਰਕਾਲੀ ਮੰਦਿਰ ਤੋਂ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ ’ਚ ਕਈ ਏਕੜ ਰਕਬੇ ’ਚ ਛੱਪੜ ਹੋਇਆ ਕਰਦੇ ਸਨ। ਉਨ੍ਹਾਂ ਛੱਪੜਾ ਤੇ ਨਜਾਇਜ ਕਬਜਾ ਕਰਨ ਲਈ ਹਰ ਸਾਲ ਛੱਪੜ ’ਚ ਖੜ੍ਹੇ ਸਲਵਾੜ ਨੂੰ ਸ਼ੱਕੀ ਹਾਲਾਤਾਂ ’ਚ ਅੱਗ ਲਗਾ ਦਿੱਤੀ ਜਾਂਦੀ ਹੈ ਅਤੇ ਹਰ ਸਾਲ ਹਜ਼ਾਰਾਂ ਪੰਛੀ ਉਸ ਭਿਆਨਕ ਅੱਗ ’ਚ ਜ਼ਿੰਦਾ ਸੜ ਕੇ ਮਰ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਸੋਮਵਾਰ ਨੂੰ ਵੀ ਦੇਰ ਸ਼ਾਮ ਭੱਦਰਕਾਲੀ ਮੰਦਰ ਨੇੜੇ ਛੱਪੜ ’ਚ ਖੜ੍ਹੇ ਸਲਵਾੜ ਨੂੰ ਅੱਗ ਲੱਗ ਗਈ। ਉਸ ਸਲਵਾੜ ਵਿੱਚ ਆਲ੍ਹਣੇ ਬਣਾਉਣ ਵਾਲੇ ਹਜ਼ਾਰਾਂ ਪੰਛੀਆਂ ਦੇ ਜਿਉਂਦੇ ਸੜ ਗਏ ਸਨ ਅਤੇ ਭਿਆਨਕ ਅੱਗ ਦੀਆਂ ਲਪਟਾਂ ਵਿੱਚ ਉਨ੍ਹਾਂ ਦੀਆਂ ਮਾਵਾਂ ਦੀ ਕੁਰਲਾਹਟ ਵੀ ਦੇਖੀ ਨਹੀਂ ਸੀ ਜਾ ਰਹੀ। ਉਹ ਆਪਣੇ ਬੱਚਿਆਂ ਨੂੰ ਜਿਉਂਦੇ ਸੜਦੇ ਦੇਖ ਕੇ ਅੱਗ ਦੀਆਂ ਤੇਜ਼ ਲਪਟਾਂ ਦੀ ਮਾਰ ਵਿਚ ਆ ਕੇ ਖੁਦ ਵੀ ਮੌਤ ਦੇ ਮੂੰਹ ਵਿਚ ਜਿੰਦਾ ਜਲ ਕੇ ਜਾ ਰਹੀਆਂ ਸਨ। ਇਸ ਭਿਆਨਕ ਅੱਗ ’ਤੇ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਨੇ ਕਾਬੂ ਪਾ ਲਿਆ। ਜਿਕਰਯੋਗ ਹੈ ਕਿ ਉਸ ਇਲਾਕੇ ਵਿੱਚ ਕਈ ਏਕੜਾਂ ਵਿੱਚ ਫੈਲੇ ਛੱਪੜ ਹੌਲੀ-ਹੌਲੀ ਨਜਾਇਜ਼ ਕਬਜ਼ਿਆਂ ਦਾ ਸ਼ਿਕਾਰ ਹੋ ਗਏ ਹਨ ਅਤੇ ਹੁਣ ਛੱਪੜਾਂ ਦੀ ਕੁਝ ਹੀ ਥਾਂ ਬਾਕੀ ਬਚੀ ਹੋਈ ਹੈ। ਜਿਸ ਵਿਚ ਸਲਵਾਹੜ ਖੜ੍ਹੇ ਹੋਏ ਹਨ। ਇੱਥੇ ਹਰ ਸਾਲ ਇਸ ਤਰ੍ਹਾਂ ਦੀ ਭਿਆਨਕ ਅੱਗ ਲੱਗ ਜਾਂਦੀ ਹੈ ਅਤੇ ਖਾਲੀ ਜਗ੍ਹਾ ’ਤੇ ਨਾਜਾਇਜ਼ ਕਬਜ਼ੇ ਕੀਤੇ ਜਾਂਦੇ ਹਨ। ਸ਼ੱਕੀ ਹਾਲਾਤਾਂ ਵਿੱਚ ਹਰ ਸਾਲ ਛੱਪੜਾਂ ਦੇ ਸਲਵਾਹੜ ਨੂੰ ਲੱਗਣ ਵਾਲੀ ਅੱਗ ਤੋਂ ਸਾਰੇ ਲੋਕ ਅਤੇ ਨਗਰ ਕੌਂਸਲ ਭਲੀ ਭਾਂਤ ਜਾਣੂ ਹਨ ਪਰ ਇਸ ਸਬੰਧੀ ਕਦੇ ਵੀ ਕੋਈ ਕਾਰਵਾਈ ਜ਼ਰੂਰੀ ਨਹੀਂ ਸਮਝੀ ਜਾਂਦੀ ਅਤੇ ਨਾ ਹੀ ਅੱਗ ਲੱਗਣ ਤੋਂ ਬਾਅਦ ਛੱਪੜ ’ਤੇ ਕਬਜ਼ਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ।