ਜਗਰਾਓਂ ਦਾ ਬਰਖਾਸਤ ਕਮਾਂਡੋ ਸਿਪਾਹੀ ਅਤੇ ਉਸ ਦਾ ਸਾਥੀ ਵੀ ਕੈਪਟਨ ਦੇ ਕਤਲ ਵਿੱਚ ਸ਼ਾਮਲ
ਕੈਪਟਨ ਦੇ ਕਤਲ ਤੋਂ ਬਾਅਦ ਦੋਵਾਂ ਨੇ ਲੁੱਟੇ ਹੋਏ ਗਹਿਣੇ ਜਗਰਾਉਂ ਦੇ ਸੁਨਿਆਰੇ ਨੂੰ ਵੇਚੇ
ਜਗਰਾਉਂ, 18 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਘੱਲ ਖੁਰਦ ਅਧੀਨ ਪੈਂਦੇ ਪਿੰਡ ਮਿਰਜੇਕੇ ’ਚ ਬੀਤੇ ਮਹੀਨੇ 19 ਨਵੰਬਰ ਦੀ ਦੇਰ ਰਾਤ ਨੂੰ ਇੱਕ ਸੇਵਾਮੁਕਤ ਕੈਪਟਨ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਦੋਸ਼ੀਆਂ ਨੇ ਉਸ ਦੇ ਘਰ ਪਏ ਸੋਨੇ ਦੇ ਗਹਿਣੇ ਅਤੇ ਹੋਰ ਲੁੱਟ ਕਰ ਲਈ ਸੀ। ਕੈਪਟਨ ਦੇ ਕਤਲ ਤੋਂ ਬਾਅਦ ਲੁੱਟੇ ਗਏ ਗਹਿਣੇ ਉਨ੍ਹਾਂ ਚਾਰ ਦੋਸ਼ੀਆਂ ਵਿਚੋਂ ਦੋ ਨੇ ਜਗਰਾਉਂ ਦੇ ਇੱਕ ਸੁਨਿਆਰੇ ਨੂੰ ਵੇਚ ਦਿਤੇ ਸਨ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਉਣ ’ਤੇ ਥਾਣਾ ਘੱਲ ਖੁਰਦ ਦੇ ਏ.ਐਸ.ਆਈ ਗੁਰਜੰਟ ਸਿੰਘ ਪੁਲਿਸ ਪਾਰਟੀ ਸਮੇਤ ਉਕਤ ਸੁਨਿਆਰੇ ਦੀ ਦੁਕਾਨ ’ਤੇ ਪੁੱਜੇ। ਇਸ ਮੌਕੇ ਉਨ੍ਹਾਂ ਦੱਸਿਆ ਕਿ 19 ਨਵੰਬਰ ਦੀ ਦੇਰ ਰਾਤ ਸੇਵਾਮੁਕਤ ਕੈਪਟਨ ਜਗਜੀਤ ਸਿੰਘ ਜੋ ਕਿ ਪਿੰਡ ਮਿਰਜੇਕੇ ਵਿੱਚ ਘਰ ਵਿੱਚ ਇਕੱਲੇ ਰਹਿੰਦੇ ਸਨ ਅਤੇ ਉਨ੍ਹਾਂ ਦੇ ਦੋ ਬੱਚੇ ਹਾਲੈਂਡ ਰਹਿੰਦੇ ਹਨ। ਲੁਟੇਰਿਆਂ ਵੱਲੋਂ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਵੱਲੋਂ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਗਈ ਹੈ। ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਸ ਨੇ ਦੱਸਿਆ ਕਿ ਲੁਟੇਰਿਆਂ ਨੇ ਕੈਪਟਨ ਜਗਜੀਤ ਸਿੰਘ ਦੇ ਘਰ ਕੰਮ ਕਰਨ ਵਾਲੀ ਔਰਤ ਤੋਂ ਕੈਪਟਨ ਬਾਰੇ ਪੂਰੀ ਜਾਣਕਾਰੀ ਲੈ ਕੇ ਉਸ ਨੂੰ ਭਰੋਸੇ ’ਚ ਲੈ ਲਿਆ ਅਤੇ ਰਾਤ ਸਮੇਂ ਜਦੋਂ ਉਹ ਘਰ ’ਚ ਇਕੱਲਾ ਸੌਂ ਰਿਹਾ ਸੀ ਤਾਂ ਘਰ ’ਚ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੌਕੇ ਦੇ ਹਾਲਾਤਾਂ ਅਨੁਸਾਰ ਕੈਪਟਨ ਜਗਜੀਤ ਸਿੰਘ ਨੇ ਇਨ੍ਹਾਂ ਸਾਰੇ ਲੁਟੇਰਿਆਂ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਸੀ ਪਰ ਲੁਟੇਰਿਆਂ ਦੀ ਗਿਣਤੀ ਵੱਧ ਹੋਣ ਕਾਰਨ ਉਨ੍ਹਾਂ ਨੇ ਕੈਪਟਨ ਜਗਜੀਤ ਸਿੰਘ ਨੂੰ ਕਾਬੂ ਕਰ ਲਿਆ ਅਤੇ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਘਰ ਵਿੱਚ ਰੱਖੇ ਗਹਿਣੇ ਲੈ ਕੇ ਭੱਜ ਗਏ। ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਵੱਲੋਂ ਲੁੱਟੇ ਗਏ ਗਹਿਣੇ ਜਗਰਾਓਂ ਦੇ ਇੱਕ ਸੁਨਿਆਰੇ ਨੂੰ ਜਗਰਾਓਂ ਇਲਾਕੇ ਦੇ ਬਰਖ਼ਾਸਤ ਕਮਾਂਡੋ ਸਿਪਾਹੀ ਅਤੇ ਉਸਦਾ ਇਕ ਸਾਥੀ ਜੋ ਕਤਲ ਕਾਂਡ ਵਿੱਚ ਸ਼ਾਮਲ ਸੀ, ਨੇ ਜਗਰਾਓਂ ਦੇ ਸੁਨਿਆਰ ਨੂੰ ਵੇਚੇ ਸਨ। ਇਸ ਸਬੰਧੀ ਉਕਤ ਸੁਨਿਆਰੇ ਤੋਂ ਪੁੱਛਗਿੱਛ ਕੀਤੀ ਗਈ ਹੈ। ਜਿਸ ਨੇ ਦੱਸਿਆ ਕਿ ਬਰਖਾਸਤ ਕਮਾਂਡੋ ਸਿਪਾਹੀ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ ’ਤੇ ਆਉਂਦਾ ਜਾਂਦਾ ਸੀ । ਉਸ ਨਾਲ ਜਾਣ-ਪਛਾਣ ਹੋਣ ਕਾਰਨ ਉਸ ਨੇ ਆਪਣੇ ਕੋਲ ਗਹਿਣੇ ਗਿਰਵੀ ਰੱਖ ਲਏ ਸਨ। ਉਸ ਨੂੰ ਕਿਸੇ ਦੇ ਕਤਲ ਜਾਂ ਲੁੱਟ ਬਾਰੇ ਕੋਈ ਜਾਣਕਾਰੀ ਨਹੀਂ ਹੈ।