ਜੋਧਾਂ, 21 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )-ਥਾਣਾ ਜੋਧਾਂ ਦੀ ਹਦੂਦ ਅੰਦਰ ਪੈਂਦੇ ਪਿੰਡ ਢੈਪਈ ਵਿੱਚ ਨਾਲੀ ਨੂੰ ਲੈ ਕੇ ਦੋ ਗੁਆਂਢੀਆਂ ਵਿਚਾਲੇ ਹੋਈ ਲੜਾਈ ਦੌਰਾਨ ਇੱਕ ਸਾਬਕਾ ਪੁਲੀਸ ਮੁਲਾਜ਼ਮ ਨੂੰ ਉਸਦੇ ਆਪਣੇ ਹੀ ਗੁਆਂਢੀ ਸਾਬਕਾ ਫੌਜੀ ਵੱਲੋਂ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਸ਼ਿੰਗਾਰਾ ਸਿੰਘ (70 ਸਾਲ) ਫੌਜ ਵਿਚੋਂ ਰਿਟਾਇਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਸੀ ਅਤੇ ਹੁਣ ਉਥੋਂ ਵੀ ਰਿਟਾਇਰ ਸੀ। ਸ਼ਿੰਗਾਰਾ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਗੁਆਂਢੀ ਸਾਬਕਾ ਫੌਜੀ ਜਗਦੀਪ ਸਿੰਘ ਨਾਲੀ ਨੂੰ ਲੈ ਕੇ ਉਨ੍ਹਾਂ ਨਾਲ ਲਗਾਤਾਰ ਲੜਾਈ-ਝਗੜਾ ਕਰਦਾ ਸੀ। ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਕਤਲ ਤੱਕ ਪਹੁੰਚ ਗਿਆ। ਵੀਰਵਾਰ ਦੁਪਹਿਰ ਜਗਦੀਪ ਸਿੰਘ ਨੇ ਆਪਣੇ ਗੁਆੰਢੀ ਸ਼ਿੰਗਾਰਾ ਸਿੰਘ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਸਿਰ ’ਤੇ ਲਗਾਤਾਰ ਵਾਰ ਕਰਨ ਕਾਰਨ ਸ਼ਿੰਗਾਰਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜੋਧਾਂ ਪੁਲੀਸ ਨੇ ਜਗਦੀਪ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।