ਸਿੱਖ ਧਰਮ ਦਾ ਇਤਿਹਾਸ ਖੂਨ ਦੀ ਸਿਆਹੀ ਨਾਲ ਲਿਖਿਆ ਗਿਆ ਹੈ। ਇਸ ਇਤਿਹਾਸ ਦਾ ਹਰ ਪੰਨਾ ਇੱਕ ਕਹਾਣੀ ਬਿਆਨ ਕਰਦਾ ਹੈ। ਦੁਨੀਆਂ ਦਾ ਕੋਈ ਵੀ ਧਰਮ ਅਜਿਹਾ ਨਹੀਂ ਜਿਸਦਾ ਇਤਿਹਾਸ ਇੰਨਾ ਸ਼ਾਨਾਮੱਤੀ ਅਤੇ ਗੌਰਵਮਈ ਹੋਵੇ। ਕਿਸੇ ਵੀ ਧਰਮ ਦਾ ਰਹਿਬਰ ਹੁਣ ਤੱਕ ਅਜਿਹਾ ਨਹੀਂ ਹੋਇਆ ਜਿਸਨੇ ਅਤੇ ਧਰਮ ਲਈ ਆਪਣਾ ਸਰਬੰਸ ਤੱਕ ਵਾਰ ਦਿਤਾ ਹੋਏ। ਅੱਜ ਸਰਬੰਸਦਾਨੀ ਪਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਅੱਜ ਦੇ ਦਿਨ ਉਨ੍ਹਾਂ ਨੂੰ ਉਸ ਸਮੇਂ ਦੇ ਹਾਕਮ ਵਲੋਂ ਜਿੰਦਾ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿਤਾ ਗਿਆ ਸੀ । ਉਨ੍ਹਾਂ ਨੇ ਆਪਣਾ ਧਰਮ ਨਹੀਂ ਛੱਡਿਆ ਬਲਕਿ ਇੰਨੀ ਛੋਟੀ ਉਮਰ ਵਿਚ ਸ਼ਙਆਧਥ ਕਬੂਲ ਕਰ ਲਈ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਚਮਕੌਰ ਦੀ ਜੰਗ ਵਿੱਚ ਲੱਖਾਂ ਦੀ ਫੌਜ ਨਾਲ ਲੋਹਾ ਲੈਂਦੇ ਹੋਏ ਆਪਣੀ ਬਹਾਦਰੀ ਦੇ ਕਰਤੱਵ ਦਿਖਆਉਂਦੇ ਸ਼ਹਾਦਤ ਪਾ ਗਏ। ਇਸ ਦੁਨੀਆਂ ਵਿੱਚ ਇੱਕ ਵੀ ਬਾਪ ਅਜਿਹਾ ਨਹੀਂ ਜਿਸ ਨੇ ਆਪਣੇ ਬੱਚਿਆਂ ਨੂੰ ਲੱਖਾਂ ਦੀ ਫੌਜ ਵਿੱਚ ਲੜਨ ਲਈ ਭੇਜਿਆ ਹੋਵੇ ਅਤੇ ਪੱੁਤਰਾਂ ਜੰਗ ਵਿਚ ਲੜਦੇ ਅਤੇ ਸ਼ਹੀਦ ਹੁੰਦੇ ਦੇਖਿਆ ਹੋਵੇ। ਪਰ ਮੇਰੇ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਅਜਿਹਾ ਜਿਗਰਾ ਸੀ। ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੇ ਮੈਦਾਨੇ ਜੰਗ ਵਿੱਚ ਬਹਾਦਰੀ ਦਾ ਫਰਜ਼ ਨਿਭਾਉਂਦੇ ਹੋਏ ਆਪਣੇ ਪਿਤਾ ਦੀਆਂ ਅੱਖਾਂ ਸਾਹਮਣੇ ਸ਼ਹੀਦੀ ਪ੍ਰਾਪਤ ਕੀਤੀ। ਆਪਣੇ ਚਾਰ ਪੁੱਤਰਾਂ ਦੀ ਕੁਰਬਾਨੀ ਦੇਣ ਵਾਲੇ ਪਿਤਾ ਨੇ ਪ੍ਰਮਾਤਮਾ ਨੂੰ ਇਸ ਬਾਰੇ ਕੋਈ ਉਲਾਂਭਾ ਨਹੀਂ ਦਿਤਾ ਸਗੋਂ ਇਹ ਕਿਹਾ ਕਿ ‘‘ ਚਾਰ ਮੋਏ ਤੋ ਕਿਆ ਹੂਆ, ਜੀਵਤ ਕਈ ਹਜਾਰ ’’ ਅੱਜ ਸਾਰਾ ਸੰਸਾਰ ਗੁਰੂ ਸਾਹਿਬ ਅੱਗੇ ਸਿਰ ਝੁਕਾਉਂਦਾ ਹੈ। ਅਜਿਹੇ ਮੌਕੇ ਹੀ ਸਾਨੂੰ ਆਪਾ ਪੜਚੋਲ ਕਰਨ ਦੀ ਜਰੂਰਤ ਹੈ ਕਿ ਅਸੀਂ ਕਿਥੇ ਖੜ੍ਹੇ ਹਾਂ ? ਗੁਰੂ ਸਾਹਿਬ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਅਤੇ ਕੀ ਅਸੀਂ ਉਨ੍ਹਾਂ ਦੇ ਦਰਸਾਏ ਹੋਏ ਮਾਰਗ ਵੱਲ ਇਕ ਵੀ ਕਦਮ ਵਧਾ ਸਕੇ ਹਾਂ, ਕੀ ਉਨਮ੍ਹਾਂ ਦੇ ਬਚਨਾ ਅਨੁਸਾਰ ਅਸੀਂ ਚੱਲ ਰਹੇ ਹਾਂ ? ਪਹਿਲੀ ਹੀ ਨਜ਼ਰ ਵਿਚ ਇਨ੍ਹਾਂ ਦੋਵੇਂ ਸਵਾਲਾਂ ਦਾ ਜਵਾਬ ਨਹੀਂ ਹੈ। ਅਸੀਂ ਨਾ ਤਾਂ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਅਪਨਾਉਣ ਦੀ ਬਜਾਏ ਠੰਡੇ ਮਿੱਠੇ ਪਾਣਈ ਦੀਆਂ ਛਬੀਲਾਂ ਅਤੇ ਲੰਗਰ ਲਗਾ ਕੇ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਚੱਲਣਾ ਸਮਝ ਬੈਠੇ ਹਾਂ। ਮੈਂ ਸਮਝਦਾ ਹਾਂ ਕਿ ਹੁਣ ਤੱਕ ਸਾਡੀ ਦੋ ਕਰੋੜ ਦੀ ਇਕ ਪ੍ਰਤੀਸ਼ਤ ਆਬਾਦੀ ਵੀ ਪੂਰਾ ਸਿੱਖ ਨਹੀਂ ਬਣ ਸਕੀ। ਅੱਜ ਵੀ ਉਸ ਵਿਚੋਂ 80 ਪ੍ਰਤੀਸ਼ਤ ਮੇਰੇ ਵਰਗੇ ਪਤਿਤ ਹਨ। ਇਸਦੀ ਸਿੱਧੇ ਤੌਰ ਤੇ ਜਿੰਮੇਵਾਰ ਸਾਡੇ ਘਾਰਮਿਕ ਪ੍ਰਬੰਧ ਦੇਖਣ ਵਾਲੀ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਦੀ ਅਗਵਾਈ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰੋੜਾਂ-ਅਰਬਾਂ ਰੁਪਏ ਦੀ ਆਮਦਨ ਹੈ ਤਾਂ ਕੀ ਉਹ ਧਰਮ ਪ੍ਰਚਾਰ ਅਤੇ ਸਿੱਖੀ ਦੇ ਪਸਾਰ ਲਈ ਯੋਗ ਕਦਮ ਉਠਾ ਸਕੀ ਹੈ ? ਸਮੇਂ ਦੇ ਤਾਨਾਸ਼ਾਹ ਸਿੱਖ ਕੌਮ ਨੂੰ ਇੱਕ-ਇੱਕ ਕਰਕੇ ਖੋਜ ਕੇ ਉਨ੍ਹਾਂ ਨੂੰ ਮਾਰ ਮੁਕਾਉਣ ਦੇ ਬਾਵਜੂਦ ਵੀ ਸਿੱਖੀ ਨੂੰ ਖਤਮ ਨਹੀਂ ਕਰਪ ਸਕੇ ਪਰ ਜੋ ਕੰਮ ਉਹ ਸਾਰਾ ਜੋਰ ਲਗਾ ਕੇ ਵੀ ਨਹੀਂ ਕਰ ਸਕੇ ਉਹ ਸਾਡੇ ਆਪਣਿਆਂ ਨੇ ਹੀ ਆਸਾਨੀ ਨਾਲ ਕਰ ਦਿਤਾ ਹੈ। ਸਾਡੇ 20% ਲੋਕ ਹੀ ਸ਼ਾਇਦ ਪਤਿਤ ਹੋਣ ਤੋਂ ਬਚੇ ਹਨ ਜੋ ਗੁਰੂ ਅਤੇ ਗੁਰਬਾਣੀ ਨਾਲ ਜੁੜੇ ਹੋਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੰਨਿਆ ਜਾ ਸਕਦਾ ਹੈ। ਇਸ ਸੰਸਥਾ ਨੇ ਕੌਮ ਨੂੰ ਗੁਰੂ ਘਰ ਨਾਲ ਜੋੜਣ ਦੇ ਸਾਰਥਿਕ ਯਤਨ ਹੀ ਨਹੀਂ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਿੰਨਾ ਪੈਸਾ ਹੈ ਜਿਸ ਨਾਲ ਉਸਨੂੰ ਪੰਜਾਬ ਦੇ ਹਰ ਸ਼ਹਿਰ ਵਿੱਚ ਸਕੂਲ ਖੋਲ੍ਹਣੇ ਚਾਹੀਦੇ ਸਨ। ਜ਼ਿਲਿ੍ਹਆਂ ਵਿੱਚ ਕਾਲਜ, ਯੂਨੀਵਰਸਿਟੀਆਂ, ਗਸਪਤਾਲ ਅਤੇ ਮੈਡੀਕਲ ਕਾਲਜ ਖੋਲ੍ਹਣ ਦੀ ਲੋੜ ਸੀ। ਜਿਸ ਵਿਚ ਉਹ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਗਏ ਅਤੇ ਸਾਡੇ ਪੰਜਾਬ ਵਿੱਚ ਹਰ ਸ਼ਹਿਰ ਵਿੱਚ ਦੂਜੇ ਧਰਮਾਂ ਦੇ ਲੋਕ ਆਪਣੇ ਸਕੂਲ ਖੋਲ੍ਹ ਕੇ ਸਫਲਤਾ ਪੂਰਵਕ ਚਲਾ ਰਹੇ ਹਨ। ਉਨ੍ਹਾਂ ਵਿੱਚ ਉਹ ਆਪਣੇ ਧਰਮ ਦੇ ਅਨੁਸਾਰ ਸਾਡੇ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ। ਇਕ ਛੋਟਾ ਬੱਚਾ ਉਸ ਕੋਰੀ ਸਲੇਟ ਵਰਗਾ ਹੁੰਦਾ ਹੈ ਜਿਸ ਤੇ ਜੋ ਮਰਜ਼ੀ ਲਿਖਿਆ ਜਾ ਸਕਦਾ ਹੈ। ਅਸੀਂ ਆਪਣੇ ਬੱਚੇ ਕੋਰੀ ਸਲੇਟ ਵਾਂਗ ਦੂਸਰੇ ਦਰਮਾਂ ਦੇ ਲੋਕਾਂ ਪਾਸ ਪਕੜਾ ਦਿਤੇ। ਜਿੰਨ੍ਹਾਂ ਨੂੰ ਉਹ ਆਪਣੇ ਅਨੁਸਾਰ ਢਾਲ ਰਹੇ ਹਨ। ਫਿਰ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਿਵੇਂ ਕਰ ਸਕਦੇ ਹਾਂ। ਜਦੋਂ ਅਸੀਂ ਕੋਈ ਉਪਰਾਲਾ ਨਹੀਂ ਕੀਤਾ। ਇਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੂਜੇ ਧਰਮਾਂ ਦੇ ਲੋਕਾਂ ਪਾਸ ਆਪਣਏ ਧਾਰਮਿਕ ਅਸਥਾਨਾਂ ਰਾਹੀਂ ਕੋਈ ਇਨਕਮ ਦੇ ਸਾਧਨ ਨਹੀਂ ਹਨ ਉਸਦੇ ਬਾਵਜੂਦ ਉਹ ਆਪਣੇ ਬਲਬੂਤੇ ’ਤੇ ਹਰ ਸ਼ਹਿਰ ਅਤੇ ਜ਼ਿਲੇ ਵਿਚ ਵਿਦਿਅਕ, ਮੈਡੀਕਲ ਸੰਸਥਾਵਾਂ ਦੀ ਸਥਾਪਨਾ ਕਰ ਰਹੇ ਹਨ। ਫਿਰ ਸਾਡੀ ਸ਼੍ਰੋਮਣੀ ਕਮੇਟੀ ਅਰਬਾਂ ਰੁਪਏ ਦੀ ਆਮਦਨ ਹੋਣ ਦੇ ਬਾਵਜੂਦ ਅਜਿਹਾ ਕਿਉਂ ਨਹੀਂ ਕਰ ਸਕੀ? ਇਹ ਇੱਕ ਵੱਡਾ ਸਵਾਲ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵੇਲਾ ਹਰ ਸਿੱਖ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਥੋੜ੍ਹੇ ਸਮੇਂ ਲਈ ਆਪਣੀਆਂ ਭਾਵਨਾਵਾਂ ਨੂੰ ਜੋੜ ਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰਕੇ ਅੱਜ ਦੇ ਇਸ ਦਿਨ ਤੇ ਸਕੂਲ, ਕਾਲਜ, ਹਸਪਤਾਲ ਖੋਲ੍ਹਣ ਦਾ ਪ੍ਰਣ ਹੀ ਲੈ ਲਏ । ਹਰ ਸ਼ਹਿਰ ਅਤੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ, ਹਸਪਤਾਲ ਅਤੇ ਯੂਨੀਵਰਸਿਟੀਆਂ ਜੇਕਰ ਸਾਡੀਆਂ ਹੋਣਗੀਆਂ ਤਾਂ ਅਸੀਂ ਆਪਣੇ ਬੱਚਿਆਂ ਨੂੰ ਘੱਟੋ ਘੱਟ ਆਪਣੇ ਇਤਿਹਾਸ ਨਾਲ ਤਾਂ ਜੋੜ ਕੇ ਰੱਖ ਸਕਾਂਗੇ। ਅੱਜ ਧਰਮ ਦੇ ਪ੍ਰਚਾਰ ਦੇ ਨਾਂ ’ਤੇ ਅਖੌਤੀ ਸੰਤਾਂ ਅਤੇ ਬਾਬਿਆਂ ਅਤੇ ਉਨ੍ਹਾਂ ਦੇ ਡੇਰਿਆਂ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਹੁਦੇਦਾਰ ਹੀ ਇਨ੍ਹਾਂ ਦੇ ਡੇਰਿਆਂ ਤੇ ਜਾ ਕੇ ਸਿਜ਼ਦਾ ਕਰਦੇ ਦੇਖੇ ਜਾ ਸਕਦੇ ਹਨ। ਜੇਕਰ ਸਾਡੇ ਨੁਮਾਇੰਦੇ ਬੀ ਗੁਰੂ ਸਾਹਿਬ ਦੇ ਆਦੇਸ਼ ‘‘ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗਦ੍ਰੰਥ ’’ ਤੇ ਪਹਿਰਾ ਨਹੀਂ ਦੇ ਰਹੇ ਤਾਂ ਆਮ ਪਬਲਿਕ ਨੂੰ ਉਹ ਕਿਸ ਤਰ੍ਹਾਂ ਗੁਰੂ ਦੇ ਦਰ ਨਾਲ ਜੋੜਣ ਦੀ ਆਪਣੀ ਜਿੰਮੇਵਾਰੀ ਨਿਭਾ ਸਕਦੇ ਹਨ। ਜੇਕਰ ਗੁਰੂ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਵੱਲ ਕਦਮ ਲਧਾਵਾਂਗੇ ਤਾਂ ਹੀ ਅਸੀਂ ਉਸਦੀਆਂ ਖੁਸ਼ੀਆਂ ਦੇ ਹੱਕਦਾਰ ਹੋ ਸਕਦੇ ਹਾਂ।
ਹਰਵਿੰਦਰ ਸਿੰਘ ਸੱਗੂ।