ਜਗਰਾਉਂ, 30 ਅਗਸਤ ( ਲਿਕੇਸ਼ ਸ਼ਰਮਾਂ )-ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ 80ਵੀਂ ਬਰਸੀ ਮੌਕੇ ਬਾਬਾ ਈਸ਼ਰ ਸਿੰਘ ਜੀ ਚੈਰੀਟੇਬਲ ਟਰੱਸਟ ਨਾਨਕਸਰ, ਜਗਰਾਉਂ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਲੱਗ ਭੱਗ 700 ਲੋਕਾਂ ਨੇ ਖੂਨ ਦਾਨ ਕੀਤਾ। ਇਸ ਮੌਕੇ ਬਾਬਾ ਚਰਨਜੀਤ ਸਿੰਘ, ਬਲਜੀਤ ਸਿੰਘ, ਹਰਿੰਦਰ ਸਿੰਘ ਮੋਗਾ, ਰਮਨਦੀਪ ਸਿੰਘ ਅਤੇ ਹੋਰ ਸੇਵਾਦਾਰਾਂ ਵੱਲੋਂ ਸੇਵਾ ਨਿਭਾਈ ਗਈ। ਹਰਿੰਦਰ ਸਿੰਘ ਮੋਗਾ ਨੇ ਕਿਹਾ ਕਿ 18 ਤੋਂ 65 ਸਾਲ ਤੱਕ ਦਾ ਹਰ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ ਅਤੇ ਖੂਨਦਾਨ ਕਰਨ ਨਾਲ ਸਰੀਰ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਖੂਨਦਾਨ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜਿਨਾਂ ਵਿਚ ਖੂਨਦਾਨ ਕਰਦੇ ਸਮੇਂ ਵਿਅਕਤੀ ਨੂੰ ਖਾਲੀ ਪੇਟ ਨਹੀਂ ਹੋਣਾ ਚਾਹੀਦਾ, ਉਸ ਦਾ ਬਲੱਡ ਪ੍ਰੈਸ਼ਰ ਨਾਰਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਈ ਲੋਕਾਂ ਦੀ ਜਾਨ ਬਚ ਸਕਦੀ ਹੈ। ਇਸ ਮੌਕੇ ਖੂਨ ਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।