Home crime ਖਰਾਬ ਮੌਸਮ ਦੇ ਬਾਵਜੂਦ ਬਠਿੰਡਾ ’ਚ ਲੱਗਿਆ ਕਿਸਾਨ ਮੋਰਚਾ ਜਾਰੀ

ਖਰਾਬ ਮੌਸਮ ਦੇ ਬਾਵਜੂਦ ਬਠਿੰਡਾ ’ਚ ਲੱਗਿਆ ਕਿਸਾਨ ਮੋਰਚਾ ਜਾਰੀ

45
0


ਬਠਿੰਡਾ,19 ਅਪ੍ਰੈਲ (ਰਾਜੇਸ਼ ਜੈਨ – ਅਨਿਲ) : ਮੀਂਹ ਦੀ ਕਿਣਮਿਣ ਅਤੇ ਖਰਾਬ ਮੌਸਮ ਦੌਰਾਨ ਵੀ ਬਠਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਲੱਗਿਆ ਕਿਸਾਨਾਂ ਦਾ ਮੋਰਚਾ ਜਾਰੀ ਹੈ। ਅੱਜ ਬਠਿੰਡਾ ਮੋਰਚੇ ਚ ਸ਼ਾਮਲ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀਆਂ ਦੀ ਆਗੂ ਮਾਲਣ ਕੌਰ ਕੋਠਾ ਗੁਰੂ ਨੇ ਕਿਹਾ ਕਿ ਕਿਸਾਨ ਜਿੱਥੇ ਸਰਕਾਰ ਦੇ ਜਬਰ ਧੱਕੇ ਝੱਲ ਕੇ ਆਪਣੀਆਂ ਮੰਗਾਂ ਮਨਾਉਣ ਲਈ ਸੜਕਾਂ ਤੇ ਰੁਲ ਰਹੇ ਹਨ ਉੱਥੇ ਕਿਸਾਨਾਂ ਨੂੰ ਕੁਦਰਤ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਮਾਰਚ ਦੇ ਪਹਿਲੇ ਹਫਤੇ ਹੋਈ ਗੜੇਮਾਰੀ ਤੇ ਮੀਂਹ ਕਾਰਨ ਕਿਸਾਨਾਂ ਦੀਆਂ ਕਣਕਾਂ ਤਬਾਹ ਹੋ ਗਈਆਂ ਤੇ ਹੁਣ ਕਣਕ ਦੇ ਪੂਰੀ ਪੱਕਣ ਦੇ ਮੌਕੇ ਰੋਜਾਨਾ ਮੀਂਹ ਵਾਲੇ ਮੌਸਮ ਕਾਰਨ ਦੀ ਕਿਣ ਮਿਣ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ।ਉਹਨਾਂ ਕਿਹਾ ਕਿ ਜਿੱਤ ਤੱਕ ਸੰਘਰਸ਼ ਜਾਰੀ ਰਹੇਗਾ। ਬਸੰਤ ਸਿੰਘ ਕੋਠਾ ਗੁਰੂ ਅਤੇ ਕੁਲਵੰਤ ਸ਼ਰਮਾ ਨੇ ਪਿੰਡ ਕਿਲਿਆਂਵਾਲੀ ਦੇ ਕਿਸਾਨ ਦੀ ਕਣਕ ਡੱਬਵਾਲੀ ਦੇ ਇੱਕ ਵਪਾਰੀ ਵੱਲੋਂ ਧਰਮ ਕੰਡੇ ਤੇ ਡੇਢ ਕੁਇੰਟਲ ਦੀ ਹੇਰਾਫੇਰੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਦੀ ਟਰਾਲੀ ਮਗਰ 3ਹਜ਼ਾਰ ਰੁਪਏ ਤੋਂ ਜਿਆਦਾ ਦੀ ਕਣਕ ਦੀ ਹੇਰਾ ਫੇਰੀ ਕਰਨ ਵਾਲੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਮੋਰਚੇ ਵਿੱਚ ਅੱਜ ਜਸਵੀਰ ਸਿੰਘ ਬੁਰਜ ਸੇਮਾ,ਨੀਟਾ ਸਿੰਘ ਦਿਓਣ, ਗੁਰਦੀਪ ਸਿੰਘ ਮਾਈਸਰਖਾਨਾ, ਭਿੰਦਰ ਸਿੰਘ ਭਾਈ ਬਖਤੌਰ, ਗੁਰਮੇਲ ਕੌਰ ਕੋਠਾ ਗੁਰੂ ਵੀ ਸ਼ਾਮਲ ਸਨ। ਕਿਸਾਨ ਆਗੂਆਂ ਨੇ ਅੱਜ ਪਿੰਡ ਘੁੱਦਾ ਤੇ ਕੋਟ ਗੁਰੂ ਵਿਖੇ ਅੱਗ ਲੱਗਣ ਕਾਰਨ ਸਵਾਹ ਹੋਈ ਕਣਕ ਦਾ ਦੁੱਖ ਪ੍ਰਗਟ ਕਰਦੇ ਹੋਏ ਸਰਕਾਰ ਤੋਂ ਕਣਕ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜਾ ਦੇਣ ਦੀ ਮੰਗ ਕੀਤੀ ।

LEAVE A REPLY

Please enter your comment!
Please enter your name here