ਖੰਨਾ (ਅਨਿੱਲ ਕੁਮਾਰ) ਲਿਨਫੋਕਸ ਲਿਜਿਸਟਿਕ ਯੂਨੀਲੀਵਰ ਕੰਪਨੀ ਮੋਹਨਪੁਰ ਵੱਲੋਂ 350 ਵਰਕਰਾਂ ਨੂੰ ਬੇਰੁਜ਼ਗਾਰ ਕਰਨ ਖ਼ਿਲਾਫ਼ ਐਤਵਾਰ ਨੂੰ ਵੀ ਕੰਪਨੀ ਵਰਕਰਾਂ ਵੱਲੋਂ ਪਿੰਡ ਭੱਟੀਆਂ, ਖੰਨਾ ਸ਼ਹਿਰ ਦੇ ਲਲਹੇੜੀ ਰੋਡ ਅਤੇ ਜੀਟੀ ਰੋਡ ਖੰਨਾ ਵਿਖੇ ਲਿਨਫੋਕਸ ਕੰਪਨੀ ਦੀ ਧੱਕੇਸ਼ਾਹੀ ਖ਼ਿਲਾਫ਼ ਰੋਸ ਮਾਰਚ ਕੱਿਢਆ ਗਿਆ। ਪਿੰਡ ਭੱਟੀਆਂ ਤੇ ਮਜ਼ਦੂਰ ਅੱਡਾ ਲਲਹੇੜੀ ਚੌਕ ਵਿਖੇ ਰੈਲੀਆਂ ਕੀਤੀਆਂ ਗਈਆਂ।
ਇਸ ਮੌਕੇ ਕਾਮਿਆਂ ਨੇ ਦੱਸਿਆ ਕਿ ਲਿਨਫੋਕਸ ਤੇ ਹਿੰਦੁਸਤਾਨ ਯੂਨੀਅਰ ਲੀਵਰ ਕੰਪਨੀਆਂ ਦੋਵੇਂ ਵਿਦੇਸ਼ੀ ਬਹੁ ਕੌਮੀ ਕੰਪਨੀਆਂ, ਜੋ ਕੇਂਦਰ ਤੇ ਪੰਜਾਬ ਸਰਕਾਰ ਦੀ ਸ਼ਹਿ ‘ਤੇ ਆਪਣੀਆਂ ਮਨਮਾਨੀਆਂ ਕਰ ਰਹੀਆਂ ਹਨ। ਇਹੀ ਕੰਪਨੀਆਂ ਨੇ ਪਹਿਲਾਂ ਅੰਬਾਲਾ ਸ਼ਹਿਰ ‘ਚ ਚੱਲ ਰਹੇ ਪਲਾਂਟ ਨੂੰ ਵੀ ਬੰਦ ਕਰ ਕੇ ਸੈਂਕੜੇ ਵਰਕਰਾਂ ਨੂੰ ਬੇਰੁਜ਼ਗਾਰ ਕਰ ਚੁੱਕੀਆਂ ਹਨ ਹੁਣ ਮੋਹਨਪੁਰ ਖੰਨਾ ਪਲਾਂਟ ਨੂੰ ਬੰਦ ਕਰ ਕੇੇ ਠੇਕੇਦਾਰੀ ਸਿਸਟਮ ਤਹਿਤ ਕਾਮਿਆਂ ਦੀ ਨਵੀਂ ਭਰਤੀ ਕਰ ਕੇ ਰਾਜਪੁਰਾ ਪਲਾਂਟ ਨੂੰ ਚਲਾ ਰਹੀਆਂ ਹਨ। ਰਾਜਪੁਰਾ ਪਲਾਂਟ ‘ਚ ਠੇਕੇਦਾਰੀ ਸਿਸਟਮ ਤਹਿਤ ਭਰਤੀ ਕੀਤੇ ਕਾਮਿਆਂ ਨੂੰ ਬਹੁਤ ਹੀ ਨਿਗੁਣੀਆਂ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਤੋਂ ਅੱਠ ਘੰਟੇ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਮੋਹਨਪੁਰ ਖੰਨਾ ਪਲਾਂਟ ‘ਚ ਦਹਾਕਿਆਂ ਤੋਂ ਕੰਮ ਕਰਦੇ ਵਰਕਰਾਂ ਦੀ ਡਿਊਟੀ ਰਾਜਪੁਰਾ ਵਿਖੇ ਸ਼ਿਫਟ ਨਹੀਂ ਕੀਤੀ ਗਈ।ਉਨ੍ਹਾਂ ਕਿਹਾ ਕਿ ਕਾਮਿਆਂ ਵੱਲੋਂ ਗੈਰ ਕਾਨੂੰਨੀ ਤੌਰ ‘ਤੇ ਇਥੋਂ ਦੇ ਪਲਾਂਟ ਦੀ ਤਾਲਾਬੰਦੀ ਕਰਨ ਖ਼ਿਲਾਫ਼ ਲੇਬਰ ਇੰਸਪੈਕਟਰ ਖੰਨਾ, ਸਹਾਇਕ ਕਿਰਤ ਕਮਿਸ਼ਨਰ ਲੁਧਿਆਣਾ, ਕਿਰਤ ਕਮਿਸ਼ਨਰ ਪੰਜਾਬ ਤੋਂ ਇਲਾਵਾ ਵਿਧਾਇਕਤਰਨਪ੍ਰਰੀਤ ਸਿੰਘ ਸੌਦ ਖੰਨਾ, ਐੱਸਡੀਐਮ ਖੰਨਾ ਤੇ ਪੰਜਾਬ ਸਰਕਾਰ ਨੂੰ ਅਨੇਕਾਂ ਮੰਗ-ਪੱਤਰ ਦੇ ਚੁੱਕੇ ਹਾਂ ਪਰ ਪੰਜਾਬ ਸਰਕਾਰ ਤੇ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਨੋਟਿਸ ਨਹੀਂ ਲਿਆ ਗਿਆ। ਜੇਕਰ 9 ਜਨਵਰੀ ਨੂੰ ਲੇਬਰ ਦਫ਼ਤਰ ਵਿਖ਼ੇ ਰੱਖੀ ਤਾਰੀਖ ‘ਤੇ ਵੀ ਮੈਨੇਜਮੈਂਟ ਨੇ ਵਰਕਰਾਂ ਦੀਆਂ ਮੰਗਾਂ/ਮਸਲਿਆਂ ‘ਤੇ ਕੋਈ ਠੋਸ ਫ਼ੈਸਲਾ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।