ਕੇਂਦਰ ਵਿਚ ਡਾ ਮਨਮੋਹਣ ਸਿੰਘ ਦੀ ਸਰਕਾਰ ਸਮੇਂ ਭਾਜਪਾ ਵਲੋਂ ਦੇਸ਼ ਵਿਚ ਭ੍ਰਿਸ਼ਟਾਚਾਰ, ਮੰਹਿਗਾਈ ਅਤੇ ਬੇਰੁਜਗਾਰੀ ਨੂੰ ਸਭ ਤੋਂ ਵੱਡਾ ਮੁੱਦਾ ਬਣਾ ਕੇ ਉਭਾਰਿਆ ਗਿਆ। ਇਸ ਮੁੱਦੇ ਨਾਲ ਭਾਜਪਾ ਨੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਸੀ। ਪਰ ਕੇਂਦਰਲ ਵਿਚ ਮੋਦੀ ਸਰਕਾਰ ਦੇ ਆਉਣ ਨਤੋਂ ਬਾਅਦ ਮੰਹਿਗਾਈ ਅਤੇ ਬੇਰੁਜਗਾਰੀ ਦੋਵੇਂ ਚਰਮ ਸੀਮਾ ਪਾਰ ਕਰ ਗਏ ਅਤੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੂਰ ਕਰਨ ਦੇ ਵਾਅਦੇ ਅਤੇ ਦਾਅਵੇ ਕਰਨ ਵਾਲੀ ਕੇਂਦਰ ਸਰਕਾਰ ਦੇ ਸਾਸ਼ਨ ਵਿਚ ਇਹ ਦੋਵੇਂ ਉਲਟ ਦਿਸ਼ਾ ਵੱਲ ਚਲੇ ਗਏ। ਭਾਜਪਾ ਸਰਕਾਰ ਦੇ ਸ਼ਾਸਨ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਪੂਰਾ ਦੇਸ਼ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਲੈ ਕੇ ਚਿੰਤਤ ਹੈ। ਭਾਜਪਾ ਹਮੇਸ਼ਾ ਹੀ ਇਨ੍ਹਾਂ ਮੁੱਦਿਆਂ ਕਾਰਨ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਰਹੀ ਹੈ, ਕਿ ਜਦੋਂ ਵੀ ਚੋਣਾਂ ਦਾ ਮੌਸਮ ਆਉਂਦਾ ਹੈ ਤਾਂ ਭਾਜਪਾ ਨੂੰ ਮਹਿੰਗਾਈ ਦੀ ਯਾਦ ਆ ਜਾਂਦੀ ਹੈ ਅਤੇ ਲੋਕਾਂ ਨੂੰ ਲੁਭਾਉਣ ਲਈ ਕਿਸੇ ਪਾਸੇ ਤੋਂ ਕੁਝ ਰਾਹਤ ਦਿੱਤੀ ਜਾਂਦੀ ਹੈ। ਹੁਣ ਲੋਕ ਸਭਾ ਚੋਣਾਂ ਬਹੁਤ ਨੇੜੇ ਆ ਰਹੀਆਂ ਹਨ। ਜਿਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਘਰੇਲੂ ਗੈਸ ਸਿਲੰਡਰ ਦੀ ਕੀਮਤ ’ਚ 100 ਰੁਪਏ ਦੀ ਕਟੌਤੀ ਕਰਨ ਦਾ ਐਲਾਣ ਕਰ ਦਿਤਾ। ਪਰ ਦੇਸ਼ ਭਰ ਵਿਚ ਇਸ ਕਟੌਤੀ ਨੂੰ ਸਿਰਫ ਚੁਣਾਵੀ ਲਾਭ ਹਾਸਿਲ ਕਰਨ ਲਈ ਮੰਨਿਆ ਜਾ ਰਿਹਾ ਹੈ। ਸਰਕਾਰ ਵਲੋਂ ਦਾਅਵੇ ਕੀਤੇ ਜਾ ਰਹੇ ਸਨ ਕਿ ਕਰੋੜਾਂ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਪਰ ਅਸਲ ’ਚ ਦੇਸ਼ ਭਰ ’ਚ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਹੱਦਾਂ ਪਾਰ ਕਰ ਗਈਆਂ ਹਨ। ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦਰਜ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੀਆਂ ਕੀਮਤਾਂ ਵਿਚ ਕਮੀ ਨਹੀਂ ਆਈ। ਜਦੋਂ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਨਹੀਂ ਸੀ ਤਾਂ ਜੇਕਰ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 10 ਰੁਪਏ ਦਾ ਵੀ ਵਾਧਾ ਹੋ ਜਾਂਦਾ ਤਾਂ ਭਾਜਪਾ ਦੀ ਸਮ੍ਰਿਤੀ ਇਰਾਣੀ ਵਰਗੀ ਵੱਡੀ ਨੇਤਾ ਸਿਲੰਡਰ ਲੈ ਕੇ ਸੜਕਾਂ ’ਤੇ ਉਤਰ ਆਉਂਦੀ ਸੀ ਅਤੇ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 1 ਰੁਪਏ ਦਾ ਵੀ ਵਾਧਾ ਕੀਤਾ ਜਾਂਦਾ ਤਾਂ ਬੀਜੇਪੀ ਹਾਹਾਕਾਰ ਮੱਚਾ ਦਿੰਦੀ। ਡਾ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਪੈਟਰੋਲ ਡੀਜ਼ਲ ਦੇ ਲੀਟਰ ਭਾਅ 40 ਤੋਂ 50 ਰੁਪਏ ਲੀਟਰ ਹੁੰਦਾ ਸੀ ਅਤੇ ਘਰੇਲੂ ਗੈਸ ਦੀ ਕੀਮਤ 450 ਰੁਪਏ ਪ੍ਰਤੀ ਸਿਲੰਡਰ ਦੇ ਨੇੜੇ ਸੀ। ਉਸ ਸਮੇਂ ਨਰਿੰਦਰ ਮੋਦੀ ਅਤੇ ਭਾਜਪਾ ਦੇ ਨੇਤਾ ਆਪਣੇ ਭਾਸ਼ਣਾਂ ਵਿਚ ਉਨ੍ਹਾਂ ਕੀਮਤਾਂ ਨੂੰ ਵੀ ਬਹੁਤ ਜਿਆਦਾ ਕਰਾਰ ਦਿੰਦੇ ਹੋਏ ਕਿਹਾ ਕਰਦੇ ਸਨ ਕਿ ਤੁਹਾਨੂੰ ਸਸਤਾ ਪੈਟਰੋਲ ਡੀਜਲ ਚਾਹੀਦਾ ਹੈ ਜਾਂ ਨਹੀਂ ? ਤੁਹਾਨੂੰ ਸਸਤੀ ਗੈਸ ਚਾਹੀਦੀ ਹੈ ਜਾਂ ਨਹੀਂ ? ਅਜਿਹੇ ਸਵਾਲ ਪਬਲਿਕ ਤੋਂ ਪੁੱਛ ਕੇ ਉਨ੍ਹੰ ਦੇ ਹਾਂ ਵਿਚ ਹੱਥ ਖੜ੍ਹੇ ਕਰਵਾਏ ਜਾਂਦੇ ਸਨ। ਪਰ ਭਾਜਪਾ ਦੇ ਸੱਤਾ ਵਿਚ ਆਉਂਦੇ ਹੀ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਨੂੰ ਖੰਭ ਲੱਗ ਗਏ ਅਤੇ ਦੇਖਦੇ ਹੀ ਦੇਖਦੇ ਇਹ ਆਸਮਾਨ ਛੂਹਣ ਲੱਗੀਆਂ। ਜਿਸਨੂੰ ਲੈ ਕੇ ਕਈ ਵਾਰ ਦੇਸ਼ ਵਿੱਚ ਹੰਗਾਮਾ ਹੋਇਆ। ਪਰ ਭਾਜਪਾ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿਤਾ ਅਤੇ ਦੇਸ਼ ਭਰ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਨੂੰ ਲੈ ਕੇ ਲਗਾਤਾਰ ਸਰਕਾਰ ਵਲੋਂ ਲਗਾਏ ਜਾਣ ਵਾਲੇ ਸੈਸ ਨੂੰ ਘੱਟ ਕਰਨ ਦੀ ਮੰਗ ਉੱਠਦੀ ਰਹੀ ਪਰ ਜਦੋਂ ਵੀ ਅੰਤਰਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਤਾਂ ਉਸ ਦਾ ਲਾਭ ਪਬਲਿਕ ਨੂੰ ਦੇਣ ਦੀ ਬਜਾਏ ਕੇਂਦਰੀ ਸੈਸ ਵਧਾ ਦਿਤਾ ਗਿਆ। ਪਿੱਛੇ ਕਈ ਰਾਜਾਂ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਭਾਜਪਾ ਨੇ ਵਾਅਦਾ ਕੀਤਾ ਸੀ ਕਿ 450 ਰੁਪਏ ਪ੍ਰਤੀ ਸਿਲੰਡਰ ਗੈਸ ਦਿਤੀ ਜਾਵੇਗੀ। ਜੇਕਰ ਭਾਰਤੀ ਜਨਤਾ ਪਾਰਟੀ ਇੱਕ ਸੂਬੇ ਵਿੱਚ 450 ਰੁਪਏ ਦਾ ਸਿਲੰਡਰ ਦੇ ਸਕਦੀ ਹੈ ਤਾਂ ਦੇਸ਼ ਦੇ ਦੂਜੇ ਰਾਜਾਂ ਵਿੱਚ ਕਿਉਂ ਨਹੀਂ ਦਿੱਤਾ ਜਾ ਸਕਦਾ? ਇਸ ਵਾਰ ਵੀ ਭਾਜਪਾ ‘‘ ਇੱਕ ਵਾਰ ਫਿਰ ਮੋਦੀ ਸਰਕਾਰ ’’ ਅਤੇ ‘‘ ਇਸ ਵਾਰ ਚਾਰ ਸੌ ਦੇ ਪਾਰ ’’ ਦੇ ਨਾਅਰੇ ਲਗਾ ਰਹੀ ਹੈ। ਪਰ ਇਸ ਵਾਰ ਵਿਰੋਧੀ ਧਿਰਾਂ ‘‘ ਅਬ ਕੀ ਬਾਰ ਮਹਿੰਗਾਈ ਕੀ ਮਾਰ ’’ ਦਾ ਨਾਅਰਾ ਲਗਾ ਰਹੀ ਹੈ। ਇਸ ਸਮੇਂ ਪੈਟਰੋਲ ਡੀਜ਼ਲ ਅਤੇ ਘਰੇਲੂ ਗੈਸ ਦੀਆਂ ਭਾਰੀ ਕੀਮਤਾਂ ਤੋਂ ਇਲਾਵਾ ਰਿਕਾਰਡ ਤੋੜ ਮਹਿੰਗਾਈ ਤੇ ਭਾਜਪਾ ਕੋਲ ਕੋਈ ਜਵਾਬ ਨਹੀਂ ਹੈ। ਜਿਸ ਕਾਰਨ ਹੁਣ ਲੋਕ ਸਭਾ ਚੋਣਾਂ ਵਿਚ ਲਾਭ ਹਾਸਿਲ ਕਰਨ ਦੇ ਮਕਸਦ ਅਤੇ ਵਿਰੋਧੀ ਧੜ੍ਹਿਆਂ ਨੂੰ ਜਵਾਬਦੇਹੀ ਤੋਂ ਬਚਣ ਲਈ ਭਾਵੇਂ 100 ਰੁਪਏ ਪ੍ਰਤੀ ਗੈਸ ਸਿਲੰਡਰ ਦੀ ਕੀਮਤ ’ਚ ਕਟੌਤੀ ਕੀਤੀ ਗਈ ਹੈ ਪਰ ਭਾਜਪਾ ਨੂੰ ਇਸ ਦਾ ਕੋਈ ਚੁਣਾਵੀ ਲਾਭ ਨਹੀਂ ਮਿਲਣ ਵਾਲਾ ਹੈ। ਜਿਸ ਕਾਰਨ ਦੇਸ਼ ’ਚ ਮਹਿੰਗਾਈ ਨੂੰ ਲੈ ਕੇ ਹਾਹਾਕਾਰ ਮੱਚ ਹੋਈ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਸੱਤਾ ਵਿੱਚ ਆਉਣ ਵਿੱਚ ਬੇਰੁਜ਼ਗਾਰੀ ਅਤੇ ਮੰਹਿਗਾਈ ਇੱਕ ਵੱਡੀ ਰੁਕਾਵਟ ਸਾਬਿਤ ਹੋ ਸਕਦੀ ਹੈ। ਵਿਰੋਧੀ ਧਿਰਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਭਾਜਪਾ ਨੂੰ ਹਰ ਥਾਂ ਘੇਰਨ ਦਾ ਹਰ ਸੰਭਵ ਯਤਨ ਕਰੇਗੀ।
ਹਰਵਿੰਦਰ ਸਿੰਘ ਸੱਗੂ।