ਸਿਰਸਾ (ਬਿਊਰੋ) ਇਕ ਭਿਆਨਕ ਹਾਦਸੇ ਵਿੱਚ ਇਕ ਟਰੱਕ ਡਰਾਈਵਰ ਤੇ ਕਲੀਨਰ ਦੀ ਮੌਤ ਹੋ ਗਈ।ਕੰਗਣ ਪੁਰ ਰੋਡ ਉਤੇ ਸਥਿਤ ਲੱਕੜ ਆਰੇ ਉਤੇ ਟਰੱਕ ਤੋਂ ਭਾਰੀ ਲੱਕੜਾਂ ਉਤਾਰਦੇ ਸਮੇਂ ਲੱਕੜ ਟਰੱਕ ਡਰਾਈਵਰ ਤੇ ਕਲੀਨਰ ਉੱਤੇ ਡਿੱਗ ਪਿਆ।ਇਸ ਤੋਂ ਤੁਰੰਤ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।ਮਿ੍ਤਕਾਂ ਦੀ ਪਛਾਣ ਪਿੰਡ ਭੜੌਲਿਆਂਵਾਲੀ ਵਾਸੀ ਗੁਰਵਿੰਦਰ ਸਿੰਘ ਤੇ ਸੁਨੀਲ ਵਜੋਂ ਹੋਈ ਹੈ। ਦੋਵਾਂ ਦੀਆਂ ਦੇਹਾਂ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਪਹੁੰਚਾਈਆਂ ਗਈਆਂ ਹਨ।ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਆਪਣੇ ਟਰੱਕ ਉਤੇ ਨੌਹਰ ਤੋਂ ਵੱਢੀਆਂ ਲੱਕੜਾਂ ਭਰ ਕੇ ਲਿਆਇਆ ਸੀ, ਜਦੋਂ ਜਗਦੇਵ ਆਰੇ ਉਤੇ ਟਰੱਕ ਤੋਂ ਕੈਰੇਨ ਨਾਲ ਲੱਕੜਾਂ ਉਤਾਰੀਆਂ ਜਾ ਰਹੀਆਂ ਸਨ ਤਾਂ ਇਸ ਵਿਚਕਾਰ ਭਾਰੀ ਮੁੱਢ ਦਾ ਰੱਸਾ ਟੁੱਟ ਗਿਆ ਜੋ ਹੇਠਾਂ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਤੇ ਕਲੀਨਰ ਸੁਨੀਲ ਦੇ ਉੱਤੇ ਆ ਡਿੱਗਾ।ਭਾਰੀ ਮੁੱਢ ਹੇਠ ਆਉਣ ਕਾਰਨ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ।ਉਥੇ ਕੰਮ ਕਰਦਿਆਂ ਵਿਅਕਤੀਆਂ ਨੇ ਦੋਵਾਂ ਨੂੰ ਲੱਕੜ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ,ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮਿ੍ਤਕ ਐਲਾਨ ਦਿੱਤਾ।ਇਸ ਤੋਂ ਬਾਅਦ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਇਸ ਮਾਮਲੇ ਸਬੰਧੀ ਗੰਭੀਰਤਾ ਨਾਲ ਜਾਂਚ ਆਰੰਭ ਕਰ ਦਿੱਤੀ ਹੈ ਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਪਹੁੰਚਾ ਦਿੱਤਾ ਹੈ।