ਜਗਰਾਓਂ, 19 ਮਾਰਚ ( ਰਾਜੇਸ਼ ਜੈਨ, ਭਗਵਾਨ ਭੰਗੂ )-ਕੇਂਦਰ ਸਰਕਾਰ ਵੱਲੋਂ ਹਰ ਪਾਸੇ ਮਹਿੰਗਾਈ ਘਟਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਰ ਪੱਖੋਂ ਮਹਿੰਗਾਈ ਆਪਣੀ ਚਰਮ ਸੀਮਾ ’ਤੇ ਪਹੁੰਚ ਗਈ ਹੈ। ਖਾਣ-ਪੀਣ ਦੀਆਂ ਵਸਤੂਆਂ ਬਾਰੇ ਤਾਂ ਹਰ ਵਿਅਕਤੀ ਜਾਣਦਾ ਹੈ, ਪਰ ਅੱਜ ਦੇ ਸਮੇਂ ਵਿੱਚ ਹਰ ਪਰਿਵਾਰ ਦੇ ਹਰ ਵਿਅਕਤੀ ਲਈ ਦਵਾਈਆਂ ਵੀ ਜ਼ਰੂਰੀ ਹੋ ਗਈਆਂ ਹਨ। ਜੇਕਰ ਅਸੀਂ ਜ਼ਿਆਦਾ ਦੂਰ ਨਾ ਜਾਈਏ ਤਾਂ ਪਿਛਲੇ ਇਕ ਡੇਢ ਸਾਲ ਵਿੱਚ ਹੀ ਦਵਾਈਆਂ ਦੀਆਂ ਕੀਮਤਾਂ ਇੰਨੀਆਂ ਹੈਰਾਨਕੁਨ ਢੰਗ ਨਾਲ ਬੇਅਥਾਹ ਵਧੀਆਂ ਹਨ ਕਿ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ। ਇੰਝ ਜਾਪਦਾ ਹੈ ਕਿ ਵੱਡੀਆਂ ਕੰਪਨੀਆਂ ਵਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਦਵਾਈਆਂ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ, ਜੋ ਹਰ ਘਰ ਦੀ ਲੋੜ ਹੈ ਅਤੇ ਕੰਪਨੀਆਂ ਆਪਣੀ ਮਰਜ਼ੀ ਅਨੁਸਾਰ ਦਵਾਈਆਂ ਦੀਆਂ ਕੀਮਤਾਂ ਵਧਾ ਰਹੀਆਂ ਹਨ। ਆਓ ਇੱਕ ਸਾਲ ਪਹਿਲਾਂ ਅਤੇ ਹੁਣ ਦੀਆਂ ਕੁਝ ਦਵਾਈਆਂ ਦੀਆਂ ਕੀਮਤਾਂ ਬਾਰੇ ਗੱਲ ਕਰਦੇ ਹਾਂ-
ਡੈਟੋਲ ਇੱਕ ਐਂਟੀਸੈਪਟਿਕ ਦਵਾਈ ਵਜੋਂ ਜਾਣੀ ਜਾਂਦੀ ਹੈ ਅਤੇ ਹਰ ਘਰ ਵਿੱਚ ਵਰਤੀ ਜਾਂਦੀ ਹੈ। ਇੱਕ ਸਾਲ ਪਹਿਲਾਂ ਇਸਦੀ ਕੀਮਤ 60 ਮਿਲੀਲੀਟਰ ਲਈ 15 ਤੋਂ 16 ਰੁਪਏ ਸੀ , ਅੱਜ ਇਸ ਦੀ ਕੀਮਤ 40 ਰੁਪਏ ਹੈ। ਲੈਕਟੋਜਨ ਨੰਬਰ 1, ਛੋਟੇ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਦੁੱਧ ਹੈ.ਜੋ ਪਹਿਲਾਂ 400 ਗ੍ਰਾਮ 280 ਤੋਂ 290 ਰੁਪਏ ਤੱਕ ਮਿਲਦਾ ਸੀ, ਹੁਣ ਇਸ ਦੀ ਕੀਮਤ 455 ਰੁਪਏ ਹੈ। ਤਾਕਤ ਲਈ ਖੂਨ ਵਧਾਉਣ ਵਾਲੇ ਕੈਪਸੂਲ, ਹੀਮਅਪ ਜੋ ਪਹਿਲਾਂ 30 ਕੈਪਸੂਲ ਦੀ ਸੀਸ਼ੀ ਲਈ 60-70 ਰੁਪਏ ਦੀ ਕੀਮਤ ਸੀ, ਹੁਣ ਇਸ ਦੀ ਕੀਮਤ 211 ਰੁਪਏ ਹੈ। ਆਮ ਤੌਰ ’ਤੇ ਹਰ ਘਰ ਵਿਚ ਲਏ ਜਾਣ ਵਾਲੇ ਰੇਵੀਟਲ ਦੇ 10 ਕੈਪਸੂਲ ਦੀ ਕੀਮਤ 80-90 ਰੁਪਏ ਹੁੰਦੀ ਸੀ, ਪਰ ਅੱਜ ਇਨ੍ਹਾਂ ਦੀ ਕੀਮਤ 120 ਰੁਪਏ ਹੈ। ਬਿਕਾਸੂਲ ਕੈਪਸੂਲ ਜਿਸ ਨੂੰ ਹਰ ਕੋਈ ਲੈਂਦਾ ਹੈ ਉਹ 20 ਕੈਪਸੂਲ ਦੇ ਪੱਤੇ ਦੀ ਕੀਮਤ ਪਹਿਲਾਂ 20 ਰੁਪਏ ਹੁੰਦੀ ਸੀ ਪਰ ਅੱਜ ਇਸ ਦੀ ਕੀਮਤ 55 ਰੁਪਏ ਹੈ। ਆਮ ਤੌਰ ’ਤੇ ਵਰਤੀ ਜਾਂਦੀ ਖੰਘ ਦੀ ਦਵਾਈ, ਬੇਨਾਡਰਿਲ, ਜਿਸਦੀ 50 ਮਿਲੀਲੀਟਰ ਦੀ ਛੋਟੀ ਸੀਸ਼ੀ ਦੀ ਕੀਮਤ 40 ਰੁਪਏ ਸੀ, ਪਰ ਅੱਜ 80 ਰੁਪਏ ਹੈ। ਆਮ ਘਰਾਂ ਵਿੱਚ ਤੇਜ਼ਾਬ ਲਈ ਵਰਤੀ ਜਾਂਦੀ ਜੈਲੋਸਿਲ ਦੀ ਬੋਤਲ 200 ਮਿਲੀਲੀਟਰ ਲਈ 75-80 ਰੁਪਏ ਸੀ, ਅੱਜ 155 ਰੁਪਏ ਵਿੱਚ ਉਪਲਬਧ ਹੈ। ਇਸੇ ਤਰ੍ਹਾਂ ਬੈਟਨੋਵੇਟ ਐਨ ਕਰੀਮ ਜੋ 20 ਰੁਪਏ ਸੀ ਉਹ ਹੁਣ 55 ਰੁਪਏ, ਟੇਨੋਵੇਟ ਜੀਐਨ ਕਰੀਮ 28 ਰੁਪਏ ਸੀ ਜੋ ਹੁਾਂ 91 ਰੁਪਏ , ੁੈਨਡਰਿਮ ਪਲੱਸ ਟਿਊਬ ਜੋ 40-50 ਰੁਪਏ ਦੀ ਸੀ ਉਹ ਹੁਣ 112 ਰੁਪਏ ਦੀ ਮਿਲ ਰਹੀ ਹੈ।
ਇਹ ਸਾਰੀਆਂ ਦਵਾਈਆਂ ਆਮ ਘਰੇਲੂ ਲੋੜਾਂ ਹਨ ਅਤੇ ਹਰ ਘਰ ਵਿੱਚ ਵਰਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਵੀ ਹਨ ਜਿਨ੍ਹਾਂ ਦੀਆਂ ਕੀਮਤਾਂ ਅੱਜ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਕਰਕੇ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਇਸ ਸਮੇਂ ਇਲਾਜ ਕਰਵਾਉਣਾ ਬਹੁਤ ਔਖਾ ਹੋ ਗਿਆ ਹੈ। ਕੇ.ਕੇ.ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਸੰਜੀਵ ਕੁਮਾਰ ਬਾਂਸਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਸਮਾਨ ਛੂਹ ਰਹੀਆਂ ਦਵਾਈਆਂ ਦੀਆਂ ਕੀਮਤਾਂ ’ਤੇ ਕਾਬੂ ਪਾਇਆ ਜਾਵੇ ਅਤੇ ਆਮ ਘਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਦੀਆਂ ਕੀਮਤਾਂ ਜੋ ਹਦ ਤੋਂ ਵੱਧ ਮੰਹਿਗੀਆਂ ਕਰ ਦਿਤੀਆਂ ਗਈਆਂ ਹਨ, ਨੂੰ ਘੱਟ ਕੀਤਾ ਜਾਵੇ ਤਾਂ ਜੋ ਅੱਜ ਦੇ ਸਮੇਂ ਵਿੱਚ ਹਰ ਘਰ ਨੂੰ ਵੱਡੀ ਰਾਹਤ ਮਿਲ ਸਕੇ।