ਲੁਧਿਆਣਾ, 21 ਮਾਰਚ (ਮੋਹਿਤ ਜੈਨ)- ਲੋਕ ਸਭਾ ਚੋਣਾਂ ਜਿੱਤ ਕੇ ਪੰਜ ਸਾਲ ਤੱਕ ਹਲਕਿਆਂ ਦੀ ਸਾਰ ਨਾ ਲੈ ਕੇ ਸੋਸ਼ਲ ਮੀਡੀਆ ਤੇ ਹੀ ਵਿਅਸਤ ਰਹਿ ਕੇ ਵੱਡੇ ਵੱਡੇ ਮਸਲਿਆਂ ਨੂੰ ਟਵੀਟ ਕਰਕੇ ਹੀ ਹਲ ਕਰਵਾਉਣ ਦੇ ਦਾਅਵੇ ਕਰਨ ਵਾਲੇ ਲੁਧਿਆਣਾ ਤੋਂ ਸੰਸਦ ਰਵਨੀਤ ਸਿੰਘ ਬਿੱਟੂ ਹੁਣ ਚੋਣਾਂ ਦੁਬਾਰਾ ਆ ਜਾਣ ਤੇ ਅਚਾਨਕ ਬਾਹਰ ਆ ਗਏ ਹਨ ਅਤੇ ਉਨ੍ਹਾਂ ਨੂੰ ਹਲਕੇ ਵੀ ਯਾਦ ਆ ਗਏ। ਕੁਝ ਸਮਾਂ ਪਹਿਲਾਂ ਜਦੋਂ ਆਪ ਕਾਂਗਰਸ ਗਠਜੋੜ ਦੀ ਗੱਲ ਚੱਲਦੀ ਸੀ ਤਾਂ ਬਿੱਟੂ ਮਾਨ ਸਰਕਾਰ ਦੇ ਗੁਣ ਗਾਉਂਦੇ ਨਜ਼ਰ ਆਉਂਦੇ ਸਨ ਅਤੇ ਪੰਜਾਬ ਵਿੱਚ ਗਠਜੋੜ ਦੀ ਵਕਾਲਤ ਉਸ ਸਮੇਂ ਵੀ ਕਰਦੇ ਰਹੇ ਜਦੋਂ ਪੰਜਾਬ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਵਿਰੋਧ ਕਰ ਰਹੀ ਸੀ। ਪਰ ਜਦੋਂ ਪੰਜਾਬ ਵਿੱਚ ਗਠਜੋੜ ਦੇ ਆਸਾਰ ਖਤਮ ਹੋ ਗਏ ਤਾਂ ਉਹ ਆਪ ਸਰਕਾਰ ਅਤੇ ਭਗਵੰਤ ਮਾਨ ਖਿਲਾਫ਼ ਖੂਬ ਤਿੱਖੇ ਤੇਵਰਾਂ ਵਿੱਚ ਨਜ਼ਰ ਆ ਰਹੇ ਹਨ। ਪਰ ਇਸ ਵਾਰ ਭਾਵੇਂ ਕਾਂਗਰਸ ਉਨ੍ਹਾਂ ਨੂੰ ਟਿਕਟ ਦੇ ਵੀ ਦੇਵੇ ਪਰ ਦਿੱਲੀ ਉਨ੍ਹਾਂ ਲਈ ਦੂਰ ਨਜਰ ਆ ਰਹੀ ਹੈ। ਇਸ ਵਾਰ ਹਲਕੇ ਦਾ ਵੋਟਰ ਵੀ ਟਵੀਟ ਟਵੀਟ ਖੇਡਣ ਦੇ ਮੂਡ ਵਿੱਚ ਹੈ। ਜੇਕਰ ਬਿੱਟੂ ਦੇ ਸਿਆਸੀ ਸਫ਼ਰ ਤੇ ਨਜ਼ਰ ਮਾਰੀ ਜਾਵੇ ਤਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਸਿਆਸਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੀ ਕਮਾਨ ਸੰਭਾਲੀ ਅਤੇ ਉਸ ਨੇ ਨਸ਼ਿਆਂ ਦੇ ਖਿਲਾਫ਼ ਪੰਜਾਬ ਅੰਦਰ ਪੈਦਲ ਯਾਤਰਾ ਕੀਤੀ ਤੇ ਲੁਧਿਆਣਾ ਵਿਖੇ ਭੁੱਖ ਹੜਤਾਲ ਵੀ ਕੀਤੀ। ਬਿੱਟੂ ਨੂੰ ਕਾਂਗਰਸ ਪਾਰਟੀ ਵੱਲੋਂ 2009 ਵਿੱਚ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਅਤੇ ਉਹ ਪਹਿਲੀ ਵਾਰ ਲੋਕ ਸਭਾ ਮੈਂਬਰ ਬਣੇ ਸਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਬਿੱਟੂ ਨੂੰ ਮਨੀਸ਼ ਤਿਵਾੜੀ ਦੀ ਥਾਂ ’ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਮੈਦਾਨ ਵਿੱਚ ੳਤਾਰਿਆ ਗਿਆ, 2014 ਵਿੱਚ ਉਹ ਦੂਸਰੀ ਵਾਰ ਲੋਕ ਸਭਾ ਮੈਂਬਰ ਬਣੇ ਅਤੇ 2019 ਵਿੱਚ ਬਿੱਟੂ ਨੂੰ ਹਲਕਾ ਲੁਧਿਆਣਾ ਤੋਂ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਅਤੇ ਉਹ ਲੁਧਿਆਣਾ ਤੋਂ ਦੂਸਰੀ ਵਾਰ ਤੇ ਤੀਸਰੀ ਵਾਰ ਲੋਕ ਸਭਾ ਮੈਂਬਰ ਬਣੇ। ਬਿੱਟੂ ਦਾ 2014 ਵਿੱਚ ਆਪ ਦੇ ਐਡਵੋਕੇਟ ਹਰਵਿੰਦਰ ਸਿੰਘ ਫ਼ੂਲਕਾ ਨਾਲ ਮੁਕਾਬਲਾ ਹੋਇਆ ਅਤੇ ਬਿੱਟੂ ਨੂੰ ਜਿੱਤ ਨਸੀਬ ਹੋਈ। ਬਿੱਟੂ ਦੀ 2014 ਤੇ 2019 ਦੀ ਜਿੱਤ ਵਿੱਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਲੋਕ ਸਭਾ ਚੋਣ ਲੜਨ ਦਾ ਬਹੁਤ ਵੱਡਾ ਯੋਗਦਾਨ ਹੈ। ਐਮਪੀ ਬਿੱਟੂ ਨਾਲ ਲੁਧਿਆਣਾ ਦੇ ਲੋਕਾਂ ਨੂੰ ਇਹ ਗਿਲਾ ਹੈ ਕਿ ਉਹ ਹਲਕੇ ਵਿੱਚ ਬਹੁਤ ਘੱਟ ਹਾਜ਼ਰ ਰਹਿੰਦੇ ਹਨ, ਉਹ ਲੋਕਾਂ ਦਾ ਫ਼ੋਨ ਚੁੱਕਣਾ ਵੀ ਜ਼ਰੂੁਰੀ ਨਹੀਂ ਸਮਝਦੇ। ਹੋਰ ਤਾਂ ਹੋਰ ਨਿੱਜੀ ਕੰਮ ਵੀ ਨਾ ਹੋਣ ਕਰਕੇ ਲੋਕ ਤੇ ਕਾਂਗਰਸੀ ਬਿੱਟੂ ਤੋਂ ਕਾਫ਼ੀ ਨਿਰਾਸ਼ ਹਨ ਪਰ ਬਿੱਟੂ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਕੋਈ ਵੀ ਗਤੀਵਿਧੀ ਨਹੀਂ ਕੀਤੀ ਗਈ।ਇਸ ਲਈ ਇਸ ਵਾਰ ਦਾ ਪੈਂਡਾ ਉਨ੍ਹਾਂ ਲਈ ਮੁਸ਼ਕਿਲ ਹੋ ਸਕਦਾ ਹੈ।
