ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਸਮੂਹ ਸ਼ਹੀਦ ਯੋਧੇ ਸਮੁੱਚੇ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਹਨ ਅਤੇ ਸਾਰੇ ਦੇਸ਼ ਵਾਸੀ ਉਨ੍ਹਾਂ ਯੋਧਿਆਂ ਨੂੰ ਹਮੇਸ਼ਾ ਪ੍ਰਣਾਮ ਕਰਦੇ ਹਨ। ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਦੇਸ਼ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਅਸੀਂ ਕਦੇ ਨਹੀਂ ਮੋੜ ਸਕਦੇ ਪਰ ਉਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਦਮ ਵਧਾ ਕੇ ਅਸੀਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਜ਼ਰੂਰ ਦੇ ਸਕਦੇ ਹਾਂ। ਆਜ਼ਾਦੀ ਦੇ ਪਰਵਾਨਿਆਂ ਵਲੋਂ ਸੰਘਰਸ਼ ਕਰਦੇ ਹੋਏ ਉਸ ਸਮੇਂ ਆਜ਼ਾਦ ਭਾਰਤ ਦੀ ਤਸਵੀਰ ਜੋ ਉਸ ਦੇ ਮਨ ਵਿਚ ਸੀ, ਉਨ੍ਹਾਂ ਵਲੋਂ ਹੱਸ ਕੇ ਕੁਰਬਾਨੀਆਂ ਦਿੱਤੀਆਂ ਅੱਜ ਅਸੀਂ ਦੇਸ਼ ਦੀ ਆਜਾਾਦੀ ਦੇ 76ਵੇਂ ਸਾਲ ਬਾਅਦ ਵੀ ਉਨ੍ਹਾਂ ਦੇ ਸੁਪਨਿਆਂ ਦਾ ਉਹ ਰੰਗਲਾ ਭਾਰਤ ਨੂੰ ਨਹੀਂ ਬਣਾ ਸਕੇ। ਦੇਸ਼ ਦੇ ਮਹਾਨ ਸ਼ਹੀਦਾਂ, ਸੁਤੰਤਰਤਾ ਸੈਨਾਨੀਆਂ ਵਲੋਂ ਆਜ਼ਾਦ ਭਾਰਤ ਦੀ ਤਸਵੀਰ ਵਿੱਚ ਸਭ ਲਈ ਬਰਾਬਰ ਦੇ ਅਧਿਕਾਰ, ਸਿੱਖਿਆ, ਸਿਹਤ ਸਹੂਲਤਾਂ, ਮਜਬੂਤ ਬੁਨਿਆਦੀ ਢਾਂਚਾ, ਸਭਨਾ ਲਈ ਰੁਜ਼ਗਾਰ, ਘੱਟ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਮੁਕਤ, ਸਾਰੇ ਦੇਸ਼ ਵਾਸੀਆਂ ਨੂੰ ਦੋ ਵਕਤ ਦਾ ਪੇਟ ਭਰ ਕੇ ਖਾਣਾ, ਤਨ ਢਕਣ ਲਈ ਕਪੜਾ ਅਤੇ ਸਿਰ ਢਕਣ ਲਈ ਛੱਤ ਹੋਣ ਦਾ ਸੁਪਨਾ ਸੰਜੋਇਆ ਹੋਇਆ ਸੀ। ਪਰ ਅੱਜ ਤੱਕ ਅਸੀਂ ਉਨ੍ਹਾਂ ਦਾ ਇਹ ਸੁਪਨਾ ਵੀ ਪੂਰਾ ਕਰਨ ਵਿੱਚ ਨਾਕਾਮ ਰਹੇ ਹਾਂ। ਦੇਸ਼ ਵਿੱਚ 80% ਕਰੀਬ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਜਿਨ੍ਹਾਂ ਵਿੱਚੋਂ ਇੱਕ ਵੱਡੀ ਗਿਣਤੀ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ, ਸਿਰ ’ਤੇ ਛੱਤ ਨਹੀਂ, ਸਰੀਰ ’ਤੇ ਕੱਪੜਾ ਨਹੀਂ, ਦੇਸ਼ ’ਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅੱਜ ਵੀ ਕੇਂਦਰ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਦੇਸ਼ ਦੀ 80 ਪ੍ਰਤੀਸ਼ਤ ਆਬਾਦੀ ਨੂੰ ਮੁਫਤ ਰਾਸ਼ਨ ਵੰਡ ਰਹੇ ਹਾਂ। ਕੇਂਦਰ ਸਰਕਾਰ ਦੀ ਇਹ ਦਲੀਲ ਭਾਰਤ ਦੀ ਅਸਲ ਤਸਵੀਰ ਸਪਸ਼ਟ ਕਰਵ ਲਈ ਕਾਫਈ ਹੈ। ਅਸੀਂ ਹੁਣ ਤੱਕ ਦੇਸ਼ ਵਾਸੀਆਂ ਨੂੰ ਆਤਮਨਿਰਭਰ ਬਨਾਉਣ ਵਿਚ ਸਫਲ ਨਹੀਂ ਹੋ ਸਕੇ ਅਤੇ ਸਰਕਾਰਾਂ ਨੂੰ ਮਜ਼ਬੂਰ ਲੋਕਾਂ ਨੂੰ ਮੁਫਤ ਰਾਸ਼ਨ ਦੇਣਾ ਪੈ ਰਿਹਾ ਹੈ। ਬੇਰੁਜ਼ਗਾਰੀ ਸਿਖਰਾਂ ’ਤੇ ਪਹੁੰਚ ਗਈ ਹੈ, ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਸਿੱਖਿਆ, ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿਚ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਭਾਵੇਂ ਉਹ ਕੇਂਦਰ ਵਿਚ ਹੋਣ ਜਾਂ ਸੂਬਾ ਸਰਕਾਰਾਂ ਹੋਣ ਉਹ ਸਭ ਸ਼ਹੀਦਾਂ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਵਿਚ ਨਾਕਾਮ ਰਹੀਆਂ ਹਨ। ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਇਨ੍ਹਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਉਹ ਭਾਰਤ ਇਹ ਨਹੀਂ ਹੈ। ਪੂਰੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸਿਰਫ ਇਕ ਦਿਨ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਸਭ ਆਪਣੇ ਘਰਾਂ ਨੂੰ ਤੁਰ ਜਾਂਦੇ ਹਨ। ਲੀਡਰ ਲੋਕ ਅਤੇ ਉਨ੍ਹਾਂ ਸ਼ਹੀਦਾਂ ਦੇ ਨਾਮ ਤੇ ਬਣਾਈਆਂ ਹੋਈਆਂ ਸੰਸਥਾਵਾਂ ਦੇ ਵਧੇਰੇ ਆਗੂਆਂ ਵਲੋਂ ਵੱਡੇ-ਵੱਡੇ ਭਾਸ਼ਣ ਦਿੱਤੇ ਜਾਂਦੇ ਹਨ ਅਤੇ ਕਈ ਐਲਾਨ ਕੀਤੇ ਜਾਂਦੇ ਹਨ। ਉਹ ਸਿਰਫ਼ ਉਸੇ ਦਿਨ ਲਈ ਹੀ ਰਹਿ ਜਾਂਦੇ ਹਨ। ਬਾਕੀ ਰਹਿੰਦੇ 365 ਦਿਨਾਂ ਵਿਚੋਂ 364 ਦਿਨ ਅਸੀਂ ਉਨ੍ਹਾਂ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ। ਕੁਰਬਾਨੀਆਂ ਦੇਣ ਵਾਲੇ ਯੋਧਿਆਂ ਨੂੰ ਸਿਰਫ ਇਕ ਦਿਨ ਚੜ੍ਹਾਏ ਜਾਣ ਵਾਲੇ ਫੁੱਲਾਂ ਦੇ ਉਹ ਮੁਹਥਾਜ ਨਹੀਂ ਹਨ। ਇਸ ਲਈ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਿਰਫ ਇਕ ਦਿਨ ਯਾਦ ਕਰਕੇ ਉਨ੍ਹਾਂ ਦੀਆਂ ਫੋਟੋਆਂ ਅਤੇ ਬੁੱਤਾਂ ਤੇ ਫੁੱਲ ਅਰਪਿਤ ਕਰਕੇ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਦਾ ਮਹਿਜ ਦਿਖਾਵਾ ਕਰਨ ਦੀ ਬਜਾਏ ਉਨ੍ਹਾਂ ਸ਼ਹੀਦਾਂ ਵੱਲੋਂ ਦਰਸਾਏ ਗਏ ਮਾਰਗ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਇਕ ਵੀ ਕਦਮ ਵਧਾ ਲਈਏ ਤਾਂ ਇਸ ਨਾਲੋਂ ਵੱਡੀ ਅਤੇ ਸੱਚੀ ਸ਼ਰਧਾਂਜ਼ਲੀ ਹੋਰ ਕੋਈ ਨਹੀਂ ਹੋਵੇਗੀ। ਜਿਸ ਦਿਨ ਦੇਸ਼ ਦੇ ਇਕ ਵੀ ਨਾਗਰਿਕ ਨੂੰ ਸਾਡੀਆਂ ਸਰਕਾਰਾਂ ਨੂੰ ਮੁਫਤ ਰਾਸ਼ਨ ਨਹੀਂ ਦੇਣਾ ਪਏਗਾ ਅਤੇ ਹਰ ਦੇਸ਼ ਵਾਸੀ ਆਤਮਨਿਰਭਰ ਹੋ ਕੇ ਆਪਣੇ ਪਰਿਵਾਰ ਨੂੰ ਪਾਲਣ ਦੇ ਯੋਗ ਹੋ ਜਾਵੇਗਾ ਉਸ ਦਿਨ ਅਸੀਂ ਇਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਇਕ ਕਦਮ ਅੱਗੇ ਵਧਾਂਗੇ।
ਹਰਵਿੰਦਰ ਸਿੰਘ ਸੱਗੂ।