ਇਹ ਆਮ ਕਹਾਵਤ ਹੈ ਕਿ ਰਾਜਨੀਤੀ ਇੱਕ ਅਜਿਹਾ ਮੰਚ ਹੈ ਜਿੱਥੇ ਕੋਈ, ਕਦੋਂ, ਕਿਨੇਂ ਅਤੇ ਕਿਥੇ , ਕਿਹੜੇ ਹਾਲਾਤਾਂ ਵਿਚ ਪਲਟੀ ਮਾਰ ਜਾਏ ਕੋਈ ਵੀ ਕੁਝ ਨਹੀਂ ਕਹਿ ਸਕਦਾ। ਰਾਜਨੀਤੀ ਵਿੱਚ ਨਾ ਤਾਂ ਕੋਈ ਕਿਸੇ ਦਾ ਪੱਕਾ ਮਿੱਤਰ ਹੁੰਦਾ ਹੈ ਅਤੇ ਨਾ ਹੀ ਕੋਈ ਕਿਸੇ ਦਾ ਪੱਕਾ ਦੁਸ਼ਮਣ ਹੁੰਦਾ ਹੈ। ਲੁਧਿਆਣਾ ਲੋਕ ਸਭਾ ਹਲਕੇ ਤੋਂ ਦੋ ਵਾਰ ਕਾਂਗਰਸ ਦੇ ਸਾਂਸਦ ਰਹਿ ਚੁੱਕੇ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਇਹ ਤੱਥਾਂ ਨੂੰ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ। ਹਾਲਾਂਕਿ ਰਵਨੀਤ ਸਿੰਘ ਬਿੱਟੂ ਆਪਣੇ ਫੈਸਲੇ ਨੂੰ ਸਹੀ ਮੰਨਦੇ ਹੋਣਗੇ ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਰਵਨੀਤ ਸਿੰਘ ਬਿੱਟੂ ਨੇਖੁਦ ਹੀ ਆਪਣੇ ਸਿਆਸੀ ਸਫਰ ਦਾ ਅੰਤ ਕਰ ਲਿਆ ਹੈ। ਇਸਨੂੰ ਸਿਆਸੀ ਖੁਦਕਸ਼ੀ ਵੀ ਮੰਨਿਆ ਜਾ ਰਿਹਾ ਹੈ। ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਜਿਸ ਕਾਂਗਰਸ ਪਾਰਟੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਇੰਨਾ ਮਾਣ ਸਤਿਕਾਰ ਦਿੱਤਾ ਸੀ, ਉਸ ਪਾਰਟੀ ਨੂੰ ਉਸ ਸਮੇਂ ਧੋਖਾ ਦੇ ਕੇ ਸ਼ਾਮਿਲ ਵੀ ਉਸ ਪਾਰਟੀ ਵਿਚ ਹੋਏ ਜਿਸ ਨਾਲ ਕਾਂਗਰਸ ਇਸ ਵਾਰ ਆਰ ਪਾਰ ਦੀ ਲੜਾਈ ਲੜ ਰਹੀ ਹੈ। ਇਹ ਕਦਮ ਸਿਰਫ ਬਿੱਟੂ ਨੇ ਸਿਰਫ਼ ਸਿਆਸੀ ਲਾਹਾ ਲੈਣ ਲਈ ਲਿਆ ਹੈ ਇਸ ਨਾਲੋਂ ਵੱਡੀ ਵਿਡੰਬਨਾ ਹੋ ਸਕਦੀ ਹੈ। ਜੇਕਰ ਬਿੱਟੂ ਦੇ ਸਿਆਸੀ ਕਰੀਅਰ ’ਤੇ ਨਜ਼ਰ ਮਾਰੀਏ ਤਾਂ ਉਸ ਦੀ ਸਿਆਸਤ ਵਿਚ ਆਪਣੇ ਪੱਧਰ ’ਤੇ ਕੋਈ ਪ੍ਰਾਪਤੀ ਨਹੀਂ ਹੈ। ਜੇਕਰ ਨਵਨੀਤ ਬਿੱਟੂ ਅਤੇ ਉਸ ਦਾ ਪਰਿਵਾਰ ਸਿਆਸਤ ਵਿਚ ਉੱਚੇ ਅਹੁਦਿਆਂ ’ਤੇ ਹਨ ਤਾਂ ਇਹ ਉਸ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਰਕੇ ਹੈ। ਬੇਅੰਤ ਸਿੰਘ ਦੇ ਕਾਰਜਕਾਲ ਦੌਰਾਨ ਅੱਤਵਾਦ ਦੇ ਸਮੇਂ ਦੀ ਸਮਾਪਤੀ ਹੋਈ। ਕਾਂਗਰਸ ਅਤੇ ਪੰਜਾਬ ਦਾ ਬਹੁਤਾ ਭਾਈਚਾਰਾ ਪੰਜਾਬ ਵਿੱਚ ਸ਼ਾਂਤੀ ਬਹਾਲ ਕਰਨ ਦਾ ਸਿਹਰਾ ਉਨ੍ਹਾਂ ਨੂੰ ਦਿੰਦੀ ਰਹੀ ਹੈ ਭਾਵੇਂ ਕਿ ਪੰਜਾਬ ਦਾ ਇਕ ਹਿੱਸਾ ਬੇਅੰਤ ਸਿੰਘ ਨੂੰ ਸਭ ਤੋਂ ਬੇਰਹਿਮ ਮੁੱਖ ਮੰਤਰੀ ਮੰਨਦੇ ਹਨ ਅਤੇ ਉਨ੍ਹਾਂ ’ਤੇ ਪੰਜਾਬ ਦੇ ਵੱਡੀ ਗਿਣਤੀ ਚ ਨੌਜਵਾਨੀ ਨੂੰ ਮਾਰਨ ਦੇ ਦੋਸ਼ ਵੀ ਲਗਾਏ ਜਾਂਦੇ ਹਨ। ਜਿਸ ਤਹਿਤ ਬੇਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਤੇਜ ਪ੍ਰਕਾਸ਼ ਕੋਟਲੀ, ਗੁਰਕੰਵਲ ਕੌਰ ਨੂੰ ਕਾਂਗਰਸ ਪਾਰਟੀ ਵੱਲੋਂ ਸਿਆਸਤ ਵਿੱਚ ਅਹਿਮ ਥਾਂ ਦਿੱਤੀ ਗਈ। ਉਸਤੋਂ ਬਾਅਦ ਰਵਨੀਤ ਸਿੰਘ ਬਿੱਟੂ ਪੰਜਾਬ ਵਿੱਚ ਸਰਗਰਮ ਹੋ ਗਿਆ। ਇੱਕ ਵਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਦੋ ਵਾਰ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਦਾ ਸਨਮਾਨ ਹਾਸਿਲ ਹੋਇਆ। ਰਵਨੀਤ ਬਿੱਟੂ ਇੱਕ ਭਰਾ ਗੁਰਕੀਰਤ ਸਿੰਘ ਕੋਟਲੀ ਖੰਨਾ ਤੋਂ ਕਾਂਗਰਸੀ ਵਿਧਾਇਕ ਹੈ ਅਤੇ ਦੂਜਾ ਭਰਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਸਿੱਧੇ ਤੌਰ ‘ਤੇ ਡੀਐਸਪੀ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ। ਜਿਸ ਨੂੰ ਲੈ ਕੇ ਪੰਜਾਬ ’ਚ ਕਾਫੀ ਹੰਗਾਮਾ ਵੀ ਹੋਇਆ ਸੀ। ਹੁਣ ਫਿਰ ਚੌਥੀ ਵਾਰ ਲੁਧਿਆਣਾ ਲੋਕ ਸਭਾ ਹਲਕੇ ਤੋਂ ਰਵਨੀਤ ਸਿੰਘ ਬਿੱਟੂ ਦੀ ਟਿਕਟ ਕਾਂਗਰਸ ਪਾਰਟੀ ਵਲੋਂ ਤੈਅ ਮੰਨੀ ਜਾ ਰਹੀ ਹੈ, ਭਾਵੇਂ ਸਿਆਸੀ ਸਰਵੇਖਣ ਮੁਤਾਬਕ ਇਸ ਵਾਰ ਬਿੱਟੂ ਉਹ ਲੁਧਿਆਣਾ ਤੋਂ ਜਿੱਤ ਨਹੀਂ ਸਕਦੇ ਸਨ ਪਰ ਇਸ ਦੇ ਬਾਵਜੂਦ ਪਾਰਟੀ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜ ਰਹੀ ਸੀ। ਹੁਣ ਅਜਿਹੀ ਸਥਿਤੀ ’ਚ ਜੇਕਰ ਇਹ ਸਭ ਮਿਲਣ ਦੇ ਬਾਵਜੂਦ ਵੀ ਉਹ ਸੰਤੁਸ਼ਟ ਨਹੀਂ ਹੋਏ ਅਤੇ ਭਾਜਪਾ ’ਚ ਸ਼ਾਮਲ ਹੋ ਗਏ ਤਾਂ ਹੋਰ ਛੋਟੇ-ਮੋਟੇ ਸਿਆਸੀ ਆਗੂਆਂ ਤੇ ਕੋਈ ਭਰੋਸਾ ਨਹੀਂ ਹੋ ਸਕਦਾ। ਬੀਜੇਪੀ ਦਾ ਜੋ ਕਿ ਲਗਾਤਾਰ ਕਾਂਗਰਸ ਮੁਕਤ ਭਾਰਤ ਬਣਾਉਣ ਦਾ ਦਾਅਵਾ ਕਰ ਰਿਹਾ ਹੈ। ਪਰ ਜਿਸ ਤਰ੍ਹਾਂ ਉਹ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਅਤੇ ਟਿਕਟਾਂ ਦੇ ਕੇ ਚੋਣ ਲੜਾ ਰਹੀ ਹੈ ਉਸ ਹਿਸਾਬ ਨਾਲ ਤਾਂ ਫਿਰ ਉਹ ਕਾਂਗਰਸ ਮੁਕਤ ਭਾਰਤ ਕਿਵੇਂ ਬਣਾ ਸਕਣਗੇ। ਭਾਜਪਾ ਦੀ ਮਸ਼ਹੂਰ ਵਾਸ਼ਿੰਗ ਮਸ਼ੀਨ ਕਿਸੇ ਵੀ ਦਾਗੀ ਨੇਤਾ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ, ਮਸ਼ੀਨ ਰਾਹੀਂ ਆਪਣੇ ਸਾਰੇ ਦਾਗ ਧੋਣ ਤੋਂ ਬਾਅਦ, ਉਹ ਪੂਰੀ ਤਰ੍ਹਾਂ ਕਲੀਨ ਹੋ ਕੇ ਸਾਫ਼-ਸੁਥਰਾ ਚੋਣ ਲੜਣ ਲਈ ਮੈਦਾਨ ਵਿਚ ਖੜ੍ਹਾ ਕਰ ਦਿਤਾ ਜਾਂਦਾ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੋਈ ਵੀ ਭ੍ਰਿਸ਼ਟ ਜਾਂ ਦੋਸ਼ੀ ਨਹੀਂ ਰਹਿੰਦਾ। ਹਰ ਇੱਕ ਨੂੰ ਸਾਫ਼-ਸੁਥਰੀ ਕਲੀਨ ਚਿਟ ਮਿਲਦੀ ਹੈ ਅਤੇ ਉਹ ਚੋਣ ਲੜਦਾ ਹੈ। ਇਸ ਵਾਰ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਆਪਣੇ 104 ਮੌਜੂਦਾ ਸੰਸਦ ਮੈਂਬਰਾਂ ਨੂੰ ਟਿਕਟ ਨਹੀਂ ਦਿਤੀ, ਜਿੰਨਾਂ ਵਿਚ 10 ਕੇਂਦਰੀ ਮੰਤਰੀ ਵੀ ਸਾਮਿਲ ਹਨ। ਉਨ੍ਹਾਂ ਦੀ ਥਾਂ ’ਤੇ ਨਵੇਂ ਉਮੀਦਵਾਰ ਖੜ੍ਹੇ ਕੀਤੇ ਜਾ ਰਹੇ ਹਨ। ਬਿੱਟੂ ਨੂੰ ਕਾਂਗਰਸ ਤੋਂ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਹੁਣ ਲੁਧਿਆਣਾ ਹਲਕੇ ਤੋਂ ਭਾਜਪਾ ਦੀ ਟਿਕਟ ਮਿਲਣੀ ਤੈਅ ਹੈ। ਅਜਿਹੇ ਵਿੱਚ ਪੈਰਾਸ਼ੂਟ ਰਾਹੀਂ ਸਿੱਧੇ ਮੈਦਾਨ ਵਿਚ ਆ ਗਏ ਨਵੇਂ ਨਵੇਂ ਭਾਜਪਾ ਨੇਤਾ ਰਵਨੀਤ ਬਿੱਟੂ ਨੂੰ ਟਿਕਟ ਮਿਲਣ ਤੋਂ ਬਾਅਦ ਲੰਬੇ ਸਮੇਂ ਤੋਂ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਭਾਜਪਾ ਵਰਕਰਾਂ ਜਾਂ ਆਗੂਆਂ ਦੀ ਕੀ ਹਾਲਤ ਹੋਵੇਗੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਛੋਟੇ ਵਰਕਰਾਂ ਦੀ ਵੱਡੀਆਂ ਪਾਰਟੀਆਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ, ਉਨ੍ਹਾਂ ਨੂੰ ਸਿਰਫ਼ ਪੰਡਾਲ ਸਜਾਉਣ ਅਤੇ ਇਕੱਠ ਕਰਨ ਲਈ ਹੀ ਵਰਤਿਆ ਜਾਂਦਾ ਹੈ। ਹੁਣ ਤਾਂ ਸਮਾਂ ਹੀ ਦੱਸੇਗਾ ਕਿ ਭਾਜਪਾ ਦੇ ਵਰਕਰ ਅਤੇ ਇਲਾਕੇ ਦੀ ਭਾਜਪਾ ਲੀਡਰਸ਼ਿਪ ਬਿੱਟੂ ਨੂੰ ਹਜ਼ਮ ਕਰ ਸਕੇਗੀ ਜਾਂ ਨਹੀਂ ਅਤੇ ਜੇਕਰ ਬਿੱਟੂ ਹੁਣ ਭਾਜਪਾ ਵਲੋਂ ਚੋਣ ਮੈਦਾਨ ਵਿਚ ਉਤਰਨਗੇ ਤਾਂ ਉਹ ਕਿਹੜੀਆਂ ਦਲੀਲਾਂ ਲੈ ਕੇ ਜੰਤਾ ਵਿਚ ਜਾਣਗੇ ਕਿਉਂਕਿ ਹੁਣ ਤੱਕ ਤਾਂ ਉਹ ਭਾਜਪਾ ਦੀ ਨਿੰਦਾ ਹੀ ਕਰਦੇ ਰਹੇ ਹਨ ਅਤੇ ਹੁਣ ਅਚਾਨਕ ਗੁਣਗਾਣ ਕਰਨੇ ਪੈਣਗੇ। ਇਥੇ ਇਕ ਗੱਲ ਤਾਂ ਇਹ ਵੀ ਸਪਸ਼ਟ ਹੈ ਅਤੇ ਹੁਣੇ ਹੀ ਹਲਕੇ ਵਿਚ ਚਰਚਾ ਸ਼ੁਰੂ ਹੋ ਗਈ ਹੈ ਅਤੇ ਸੋਸ਼ਲ ਮੀਡੀਆ ਤੇ ਲੋਕ ਬਿੱਟੂ ਖਿਲਾਫ ਭੜਾਸ ਵੀ ਕੱਢ ਰਹੇ ਹਨ ਭਾਵੇਂ ਭਾਜਪਾ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦੇਵੇ ਪਰ ਅਜਿਹੇ ਹਾਲਾਤਾਂ ਵਿੱਚ ਜਿੱਤ ਹਾਸਿਲ ਕਰਨਾ ਉਨ੍ਹਾਂ ਲਈ ਬੜੀ ਦੂਰ ਦੀ ਕੌਡੀ ਨਜ਼ਰ ਆ ਰਹੀ ਹੈ। ਕਾਂਗਰਸ ਵਿਚ ਰਹਿੰਦੇ ਹੋਏ ਵੀ ਬਿੱਟੂ ਨੇ ਬਤੌਰ ਸੰਸਦ ਮੈਂਬਰ ਕਦੇ ਆਪਣੇ ਹਲਕੇ ਦੀ ਸਾਰ ਨਹੀਂ ਸੀ ਲਈ ਅਤੇ ਨਾ ਹੀ ਵਰਪਰਾਂ ਜਾਂ ਪਾਰਟੀ ਲੀਡਰਸ਼ਿਪ ਨਾਲ ਕੋਈ ਰਾਬਤਾ ਕਾਇਮ ਰੱਖਣ ਦੀ ਜਰੂਰਤ ਨਹੀਂ ਸਮਝੀ ਬਲਕਿ ਹਮੇਸ਼ਾ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਹੀ ਵੱਡੇ ਵੱਡੇ ਮਸਲੇ ਸੁਲਝਾਉਣ ਦੇ ਦਾਅਵੇ ਕਰਦੇ ਰਹੇ। ਇਸ ਲਈ ਉਨ੍ਹਾਂ ਨੂੰ ਟਵੀਟਾਂ ਵਾਲੇ ਐਮ ਪੀ ਵਜੋਂ ਜਾਣਿਆ ਜਾਂਦਾ ਹੈ। ਜਿਸ ਕਾਰਨ ਇਸ ਵਾਰ ਕਾਂਗਰਸ ਵਲੋਂ ਵੀ ਬਿੱਟੂ ਨੂੰ ਵਰਕਰ ਪਸੰਦ ਨਹੀਂ ਸੀ ਕਰ ਰਿਹਾ। ਹੁਣ ਭਾਜਪਾ ਦੇ ਵਰਕਰ ਸ਼ਾਇਦ ਨਵਾਂ ਚਿਹਰਾ ਹੋਣ ਕਾਰਨ ਪਸੰਦ ਕਰ ਲੈਣ। ਇਸ ਨਵੀਂ ਪਾਰਟੀ ਵਿਚ ਬਿੱਟੂ ਨੂੰ ਕੀ ਹਾਸਿਲ ਹੁੰਦਾ ਹੈ ਇਙ ਆਉਣ ਵਾਲਾ ਸਮਾਂ ਹੀ ਦੱਸੇਗਾ। ਅੱਗੇ ਕੀ ਸਿਆਸੀ ਸਮੀਕਰਨ ਬਣਦੇ ਹਨ, ਇਸ ’ਤੇ ਸਭ ਦੀ ਨਜ਼ਰ ਹੋਵੇਗੀ।
ਹਰਵਿੰਦਰ ਸਿੰਘ ਸੱਗੂ।