ਜਲੰਧਰ,28 ਮਾਰਚ (ਬੌਬੀ ਸਹਿਜ਼ਲ, ਧਰਮਿੰਦਰ )- ਸੀਪੀਆਈ ਪੰਜਾਬ ਦੀ ਦੋ ਰੋਜ਼ਾ ਸਕੱਤਰੇਤ, ਕਾਰਜਕਾਰਨੀ ਤੇ ਸੂਬਾ ਕੌਂਸਲ ਦੀ ਮੀਟਿੰਗ ਨਿਰਮਲ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸੂਬਾ ਸਕੱਤਰ ਬੰਤ ਸਿੰਘ ਬਰਾੜ ਤੋਂ ਇਲਾਵਾ ਸਕੱਤਰੇਤ ਮੈਂਬਰ ਹਰਦੇਵ ਸਿੰਘ ਅਰਸ਼ੀ, ਜਗਰੂਪ, ਪਿਰਥੀਪਾਲ ਸਿੰਘ ਮਾੜੀਮੇਘਾ, ਅਮਰਜੀਤ ਸਿੰਘ ਆਸਲ, ਬਲਦੇਵ ਸਿੰਘ ਨਿਹਾਲਗੜ੍ਹ,ਨਰਿੰਦਰ ਕੌਰ ਸੋਹਲ, ਦੇਵੀ ਕੁਮਾਰੀ ਤੇ ਕਸ਼ਮੀਰ ਸਿੰਘ ਗਦਾਈਆ ਹਾਜ਼ਰ ਸਨ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਬੀਜੇਪੀ ਦੀ ਫਿਰਕੂ ਤੇ ਦੇਸ਼ ਨੂੰ ਵੰਡਣ ਵਾਲੀ ਨੀਤੀ ਨੂੰ ਹਰਾਉਣ ਅਤੇ ਹਰੇਕ ਮਨੁੱਖ ਲਈ ਰੁਜ਼ਗਾਰ, ਮੁਫ਼ਤ ਵਿਦਿਆ,ਸਿਹਤ , ਘਰ ,ਕਿਸਾਨਾਂ ਦੇ ਕਰਜ਼ੇ ਮੁਆਫ਼,ਐਮਐਸਪੀ ਪੂਰਨ ਰੂਪ ਵਿੱਚ ਲਾਗੂ ਕਰਨ, ਦਲਿਤਾਂ ਤੇ ਔਰਤਾਂ ਤੇ ਹਮਲੇ ਜਿਵੇਂ ਬਿਲਕਿਸ ਬਾਨੋ ਅਤੇ ਮਨੀਪੁਰ ਵਾਪਰਿਆ ਹੈ ਇੰਨਾਂ ਮੁੱਦਿਆਂ ਨੂੰ ਲੈ ਚੋਣ ਮੈਦਾਨ ਵਿੱਚ ਨਿੱਤਰੇਗੀ । ਸੀਪੀਆਈ ਲੋਕਾਂ ਨੂੰ ਅਪੀਲ ਕਰਦੀ ਹੈ ਉਹ ਚੋਣਾਂ ਵਿੱਚ ਸੀਪੀਆਈ ਦਾ ਸਾਥ ਦੇਣ। ਬੀਜੇਪੀ ਤੇ ਆਰਐਸਐਸ ਨੇ ਪਹਿਲਾਂ ਦੇਸ਼ ਵਿੱਚ ਗਰੀਬੀ, ਬੇਰੁਜ਼ਗਾਰੀ ਤੇ ਭੁੱਖਮਰੀ ਫੈਲਾਈ ਹੈ ਤੇ ਫਿਰ ਇੰਨਾਂ ਅਲਾਮਤਾਂ ਦਾ ਫਾਇਦਾ ਲੈ ਕੇ ਕੁੱਝ ਫਿਰਕੂ, ਗੁੰਡਿਆਂ ਤੇ ਬਦਮਾਸ਼ਾਂ ਵਿੱਚ ਕਾਰਪੋਰੇਟਾਂ ਤੋਂ ਅਥਾਹ ਪੈਸੇ ਲੈ ਕੇ ਵੰਡਦੀ ਤੇ ਫਿਰ ਉਨ੍ਹਾਂ ਤੋਂ ਝਗੜੇ, ਫ਼ਸਾਦ ਤੇ ਗੁੰਡਾਗਰਦੀ ਕਰਾਉਂਦੀ ਹੈ। ਹਿੰਦੁਸਤਾਨ ਨੂੰ ਇਸ ਕਰੱਪਟ, ਬੇਈਮਾਨ, ਫਾਸ਼ੀਵਾਦੀ ਭਾਜਪਾ ਤੋਂ ਬਚਾਉਣ ਲਈ ‘ਇੰਡੀਆ’ ਗੱਠਜੋੜ ਬਣਿਆ ਹੈ। ਭਾਜਪਾ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਇਸ ਵਾਰ ਫਿਰ ਸਰਕਾਰ ਭਾਜਪਾ ਦੀ ਹੀ ਬਣੇਗੀ। ਜਦੋਂ ਕਿ ਹਕੀਕਤ ਇਹ ਹੈ ਕਿ ਲੋਕ ਅੱਤ ਦੀ ਮਹਿੰਗਾਈ ਤੋਂ ਤਰਾਹ ਤਰਾਹ ਕਰ ਰਹੇ ਹਨ। ਗਰੀਬਾਂ ਨੂੰ ਢਿੱਡ ਭਰਵੀਂ ਰੋਟੀ ਨਹੀਂ ਮਿਲ ਰਹੀ। ਵਿਦਿਆ ਇੰਨੀ ਮਹਿੰਗੀ ਹੈ ਕਿ ਗਰੀਬ ਤੇ ਮੱਧ ਵਰਗ ਦੇ ਬੱਚੇ ਵੀ ਲੈਣ ਤੋਂ ਅਸਮਰਥ ਹਨ। ਬੀਜੇਪੀ ਦੇ ਰਾਜ ਵਿੱਚ ਰੁਜ਼ਗਾਰ ਨਾ ਮਿਲਣ ਕਰਕੇ ਜੁਵਾਨੀ ਕੰਮ ਕਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਪਹੁੰਚ ਗਈ ਤੇ ਹੋਰ ਜਾ ਰਹੀ ਹੈ। ਇੰਡੀਆ ਗੱਠਜੋੜ ਆਪਣੀ ਹਕੂਮਤ ਸਮੇਂ ਵਿਦਿਆ ਤੇ ਸਿਹਤ ਸੇਵਾਵਾਂ ਸਸਤੀਆਂ ਦੇਵੇਗਾ। ਰੁਜ਼ਗਾਰ ਦੀ ਪਹਿਲ ਹੋਵੇਗੀ। ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਪਬਲਿਕ ਸੈਕਟਰ ਬਚਾਉਣ,ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਮਿਨੀਮਮ ਵੇਜ 26000 ਰੁਪਏ ਪ੍ਰਤੀ ਮਹੀਨਾ ਕਰੇਗਾ।ਮੀਟਿੰਗ ਵਿੱਚ ਫੈਸਲਾ ਹੋਇਆ ਕਿ ਸੀ ਪੀ ਆਈ ਪੰਜਾਬ ਵਿੱਚ ਤਿੰਨ ਪਾਰਲੀਮੈਂਟ ਸੀਟਾਂ ਲੜੇਗੀ। ਇਹ ਸੀਟਾਂ ਅੰਮ੍ਰਿਤਸਰ, ਫਰੀਦਕੋਟ ਤੇ ਲੁਧਿਆਣਾ-ਸੰਗਰੂਰ ਚੋਂ ਇੱਕ ਹੋਵੇਗੀ। ਪਾਰਟੀ ਦੋ ਤਿੰਨ ਦਿਨਾਂ ਵਿੱਚ ਉਮੀਦਵਾਰਾਂ ਦੇ ਨਾਮ ਵੀ ਅਨਾਉਂਸ ਕਰੇਗੀ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਜਵਾਹਰਲਾਲ ਯੂਨੀਵਰਸਿਟੀ ਦਿੱਲੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਦੀ ਹੋਈ ਸ਼ਾਨਦਾਰ ਜਿੱਤ ਤੇ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੰਦੀ ਹੈ।