ਚੀਮਾ ਮੰਡੀ (ਰੋਹਿਤ ਗੋਇਲ) ਕਾਂਗਰਸੀ ਆਗੂ ਸ਼ੇਰ ਸਿੰਘ ਤੋਲਾਵਾਲ ਦੇ ਗ੍ਰਹਿ ਵਿਖੇ ਵਰਕਰਜ਼ ਮਿਲਣੀ ਦੌਰਾਨ ਪੁੱਜੇ ਕਾਂਗਰਸੀ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ‘ਤਿੱਤਲੀਆਂ’ ਉੱਡਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਆਪਣਾ ਆਧਾਰ ਗੁਆ ਚੁੱਕੀ ਹੈ ਤੇ ਇਸ ਪਾਰਟੀ ਦੀ ਦੋ ਸਾਲਾਂ ਵਿਚ ਹੀ ਫੂਕ ਨਿਕਲ ਗਈ ਹੈ ਕਿਉਂਕਿ ਇਹ ਆਪਣੇ ਕੇਡਰ ਨੂੰ ਸੰਭਾਲਣ ਵਿਚ ਨਾਕਾਮਯਾਬ ਸਾਬਤ ਹੋਈ ਹੈ।ਖਹਿਰਾ ਨੇ ਕਿਹਾ ਕਿ ਇਕ ਵਰ੍ਹਾ ਪਹਿਲਾਂ ‘ਆਪ’ ਵਿਚ ਆ ਕੇ ਜਲੰਧਰ ਜ਼ਿਮਨੀ ਚੋਣ ਦੌਰਾਨ ਮੈਂਬਰ ਪਾਰਲੀਮੈਂਟ ਬਣੇ ਸੁਸ਼ੀਲ ਰਿੰਕੂ ਅਤੇ ਮੌਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਪਾਰਟੀ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਤੋਂ ਉਸ ਦੇ ਆਪਣੇ ਵਰਕਰ ਹੀ ਮਾਯੂਸ ਹਨ ਕਿਉਂਕਿ ਆਮ ਆਦਮੀ ਪਾਰਟੀ ਹੁਣ ਤਕੜੇ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਚੱਬੇਵਾਲ ਨੂੰ ਵੀ ਡਰਾ-ਧਮਕਾ ਕੇ ‘ਆਪ’ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਆਪਣੇ ਕੇਡਰ ਨੂੰ ਭਗਵੰਤ ਮਾਨ ਅਤੇ ਕੇਜਰੀਵਾਲ ’ਤੇ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਲੋਕ ਸਭਾ ਚੋਣਾਂ ਦੌਰਾਨ 13-0 ਕਹਿ ਰਿਹਾ ਹੈ ਜਦਕਿ ਲੋਕਾਂ ਦਾ ਫ਼ੈਸਲਾ ਸਰਕਾਰ ਦੇ ਉਲਟ 0-13 ਦਾ ਅੰਕੜਾ ਹੋਵੇਗਾ ਕਿਉਂਕਿ ਲੋਕ ‘ਆਪ’ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਤੰਗ ਹਨ ਜਿਸ ਕਰ ਕੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ।ਇਸ ਮੌਕੇ ਕਰਮਜੀਤ ਕੌਰ ਮਾਡਲ ਟਾਊਨ, ਯਥ ਵਿੰਗ ਪ੍ਰਧਾਨ ਗੁਰਤੇਗ ਸਿੰਘ ਲੌਂਗੋਵਾਲ, ਬਲਜੀਤ ਸਰਪੰਚ ਖੁਰਾਣੀ, ਲਖਵਿੰਦਰ ਸਿੰਘ ਧੀਮਾਨ, ਭਜਨ ਸਿੰਘ ਜਖੇਪਲ, ਨਾਜਰ ਸਿੰਘ ਚੀਮਾ, ਜਰਨੈਲ ਸਿੰਘ ਘਰਾਚੋਂ, ਕੁਲਵਿੰਦਰ ਸਿੰਘ ਕਿੰਦਾ, ਅੰਮ੍ਰਿਤ ਲੌਂਗੋਵਾਲ ਆਦਿ ਹਾਜ਼ਰ ਸਨ।