ਬਨੂੜ (ਰਾਜੇਸ ਜੈਨ) ਨੈਸ਼ਨਲ ਹਾਈਵੇਅ ’ਤੇ ਸਫਰ ਕਰਨਾ 31 ਮਾਰਚ ਰਾਤ 12 ਵਜੇ ਤੋਂ ਮਹਿੰਗਾ ਹੋ ਜਾਵੇਗਾ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਆਪਣੇ ਟੋਲ ਰੇਟਾਂ ਵਿੱਚ 2.5 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਦਾ ਅਸਰ ਕਾਰ, ਜੀਪ, ਮਿੰਨੀ ਬੱਸ ਚਾਲਕਾਂ ਨੂੰ ਛੱਡ ਕੇ ਨੈਸ਼ਨਲ ਹਾਈਵੇਅ ’ਤੇ ਸਫਰ ਕਰਨ ਵਾਲੇ ਵਾਹਨ ਚਾਲਕਾਂ ’ਤੇ ਪਵੇਗਾ। ਨੈਸ਼ਨਲ ਹਾਈਵੇਅ ਨੰਬਰ 7 ’ਤੇ ਸਥਿਤ ਅਜ਼ੀਜਪੁਰ ਟੋਲ ਪਲਾਜ਼ਾ ਚਲਾ ਰਹੀ ਟ੍ਰੈਫਿਕ ਮੀਡੀਆ ਇੰਡੀਆ ਪ੍ਰਾਈਵੇਟ ਲਿਮ. ਨਾਮੀ ਕੰਪਨੀ ਨੇ ਆਪਣੇ ਵਧਾਏ ਗਏ ਟੋਲ ਰੇਟਾਂ ਦੇ ਬੋਰਡ ਲਾਉਂਣ ਦਾ ਕੰਮ ਆਰੰਭ ਦਿੱਤਾ ਹੈ।ਟੋਲ ਪਲਾਜਾ ਚਲਾਉਣ ਵਾਲੀ ਕੰਪਨੀ ਵੱਲੋਂ ਟੋਲ ਦੇ ਨੇੜੇ ਰਹਿੰਦੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਦੇਣ ਲਈ ਬਣਾਏ ਜਾਂਦੇ ਮਾਸਿਕ ਪਾਸ ਦੇ ਰੇਟ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨਾਲ ਟੋਲ ਦੀਆਂ ਨਵੀਆਂ ਦਰਾਂ ਕਾਰ, ਜੀਪ ਤੇ ਪਹਿਲਾਂ ਵਾਲੀ ਦਰ 45, ਮਿੰਨੀ ਬੱਸ 70 ਰੁਪਏ ਹੀ ਰਹੇਗਾ , ਜਦੋਂ ਕਿ ਬੱਸ-ਟਰੱਕ 150, ਥ੍ਰੀ ਏਕਸਲ 165, ਐਮਐਕਸਲ 235 ਰੁਪਏ ਕੀਤਾ ਗਿਆ ਹੈ। ਇਸ ਤੋਂ ਇਲਾਵਾ ਓਵਰ ਸਾਇਜ ਵਾਹਨ ਵਾਲਿਆਂ ਤੋਂ 285 ਰੁਪਏ ਟੋਲ ਵਸੂਲ ਕੀਤਾ ਜਾਵੇਗਾ।ਟੋਲ ਪਲਾਜਾ ਦੇ ਮੈਨੇਜਰ ਮਨੋਜ ਰਾਣਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਟੋਲ ਦੀਆਂ ਵਧਾਈਆਂ ਗਈਆਂ ਦਰਾਂ 31 ਮਾਰਚ ਦੀ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਨਿਰਧਾਰਿਤ ਕੀਮਤਾਂ ਫਾਸਟ ਟੈਗ ਵਾਲੇ ਵਾਹਨਾਂ ਤੋਂ ਵਸੂਲੀਆਂ ਜਾਣਗੀਆਂ। ਜਦੋਂ ਕਿ ਬਿਨਾਂ ਫਾਸਟ ਟੈਗ ਵਾਲੇ ਵਾਹਨਾਂ ਨੂੰ ਵਾਧੂ ਚਾਰਜ ਦੇਣਾ ਪਵੇਗਾ। ਮੈਨੇਜਰ ਮਨੋਜ ਰਾਣਾ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ’ਤੇ ਫਾਸਟ ਟੈਗ ਲਗਾ ਕੇ ਸਫਰ ਕਰਨ ਤਾਂ ਜੋ ਉਨ੍ਹਾਂ ਨੂੰ ਅਤੇ ਟੋਲ ਮੁਲਾਜ਼ਮਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
