Home Punjab ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਪੋਸਟਰ ਮੇਕਿੰਗ, ਰੰਗੋਲੀ ਅਤੇ...

ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਪੋਸਟਰ ਮੇਕਿੰਗ, ਰੰਗੋਲੀ ਅਤੇ ‘ਮਹਿੰਦੀ’ ਮੁਕਾਬਲੇ ਕਰਵਾਏ ਗਏ

35
0

ਲੁਧਿਆਣਾ, 3 ਅਪ੍ਰੈਲ ( ਅਨਿਲ ਕੁਮਾਰ, ਸੰਜੀਵ ਗੋਇਲ ) – ਨੌਜਵਾਨਾਂ ਖਾਸ ਕਰਕੇ ਪਹਿਲੀ ਵਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਪੋਸਟਰ ਮੇਕਿੰਗ, ਰੰਗੋਲੀ ਅਤੇ ‘ਮਹਿੰਦੀ’ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਦਾ ਉਦੇਸ਼ ਲੋਕ ਸਭਾ ਚੋਣਾਂ – 2024 ਦੀਆਂ ਚੋਣਾਂ ਦੌਰਾਨ ਵੱਧ ਤੋਂ ਵੱਧ ਭਾਈਵਾਲੀ ਨੂੰ ਯਕੀਨੀ ਬਣਾਉਣਾ ਅਤੇ ਲੋਕ ਸਭਾ ਚੋਣਾਂ ਦੌਰਾਨ 70 ਫੀਸਦੀ (ਇਸ ਵਾਰ, 70 ਪਾਰ) ਤੋਂ ਵੱਧ ਵੋਟਰਾਂ ਦੇ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ।
ਅੱਜ ਭਗਵਾਨ ਮਹਾਂਵੀਰ ਹੋਮਿਓਪੈਥਿਕ ਕਾਲਜ (ਹੈਬੋਵਾਲ ਰੋਡ), ਜਗਰਾਉਂ ਦੇ ਕਮਾਲਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਦਰੇੜਾ (ਰਾਏਕੋਟ) ਆਦਿ ਸਮੇਤ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਪੋਸਟਰ ਮੇਕਿੰਗ, ਰੰਗੋਲੀ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਜਾਗਰੂਕਤਾ ਗਤੀਵਿਧੀਆਂ ਦੌਰਾਨ ਵਿਦਿਆਰਥੀਆਂ ਨੂੰ ਲੋਕ ਸਭਾ ਚੋਣਾਂ-2024 ਦੌਰਾਨ ਸਰਗਰਮ ਭਾਈਵਾਲੀ ਯਕੀਨੀ ਬਣਾਉਣ ਲਈ ਸਹੁੰ ਵੀ ਚੁਕਾਈ ਗਈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਯੋਗ ਨੌਜਵਾਨਾਂ ਦੀਆਂ ਨਵੀਆਂ ਵੋਟਾਂ ਬਣਾਉਣ ਲਈ ਵਿਦਿਅਕ ਸੰਸਥਾਵਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਕੈਂਪ ਵੀ ਲਗਾਏ ਜਾ ਰਹੇ ਹਨ। ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਪਹਿਲੀ ਵਾਰ ਵੋਟ ਪਾਉਣ ਵਾਲੇ ਯੋਗ ਵੋਟਰਾਂ ਨੂੰ ‘ਵੋਟਰ ਹੈਲਪਲਾਈਨ’ ਮੋਬਾਈਲ ਐਪਲੀਕੇਸ਼ਨ ਅਤੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਬਾਰੇ ਸੂਚਿਤ ਕੀਤਾ ਜਾ ਰਿਹਾ ਹੈ, ਜਿਸ ਦੀ ਵਰਤੋਂ ਆਪਣੇ ਆਪ ਨੂੰ ਵੋਟਰ ਵਜੋਂ ਰਜਿਸ਼ਟਰ ਕਰਨ ਲਈ ਕੀਤੀ ਜਾ ਸਕਦੀ ਹੈ। ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਵਸਨੀਕ ਵੈਬਸਾਈਟ www.nvsp.in ‘ਤੇ ਵੀ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਅਤੇ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਅਤੇ ਪ੍ਰਭਾਵ ਹੇਠ ਆ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।

LEAVE A REPLY

Please enter your comment!
Please enter your name here