ਮਾਲੇਰਕੋਟਲਾ 5 ਮਾਰਚ ( ਸੰਜੀਵ ਗੋਇਲ, ਅਨਿਲ ਕੁਮਾਰ)-ਜ਼ਿਲ੍ਹਾ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਮਲੇਰਕੋਟਲਾ ਡਾ. ਪ੍ਰਦੀਪ ਕੁਮਾਰ ਅਗਵਾਈ ਅਧਿਨ ਸ਼ਹਿਰ ਨਿਵਾਸੀਆਂ ਨੂੰ ਸ਼ੁੱਧ ਅਤੇ ਸਾਫ਼ ਸੁਥਰੀਆਂ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅੱਜ ਦੁੱਧ ਵੇਚਣ ਵਾਲਿਆਂ ਡੇਅਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ । ਸਹਾਇਕ ਕਮਿਸ਼ਨਰ ਫੂਡ ਸੇਫਟੀ ਸ੍ਰੀਮਤੀ ਰਾਖੀ ਵਿਨਾਇਕ ਅਤੇ ਫੂਡ ਸੇਫਟੀ ਅਫਸਰ ਸ੍ਰੀ ਚਰਨਜੀਤ ਸਿੰਘ ਦੀ ਟੀਮ ਵਲੋਂ ਮਾਲੇਰਕੋਟਲਾ ਦੀਆਂ ਵੱਖ ਵੱਖ ਡੇਅਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਵਿਸ਼ੇਸ ਨਾਕਾ ਲਗਾ ਕੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ 4 ਸੈਂਪਲ ਅਤੇ ਸ਼ਹਿਰ ਦੀਆਂ ਮਸ਼ਹੂਰ ਬੇਕਰੀਆ ਦੀ ਚੈਕਿੰਗ ਕਰਕੇ ਚਾਰ ਸੈਂਪਲ ਕੇਕ ਦੇ ਵੀ ਭਰੇ । ਚੈਕਿੰਗ ਦੌਰਾਨ ਟੀਮ ਵੱਲੋਂ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੇ ਮਾਪਦੰਡਾਂ ਅਨੁਸਾਰ ਸਾਫ ਸੁਥਰੇ ਢੰਗ ਨਾਲ ਕੰਮ ਕਰਨ ਅਤੇ fssai ਤਹਿਤ ਲਾਇਸੰਸ /ਰਜਿਸਟ੍ਰੇਸ਼ਨ ਬਣਾਉਣ ਬਾਰੇ ਜਾਗਰੂਕ ਕੀਤਾ ਗਿਆ। ਸ੍ਰੀਮਤੀ ਰਾਖੀ ਵਿਨਾਇਕ ਸਹਾਇਕ ਕਮਿਸ਼ਨਰ ਫੂਡ ਨੇ ਦੱਸਿਆ ਕਿ ਭਰੇ ਗਏ ਸੈਂਪਲਾਂ ਨੂੰ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਵਿਖੇ ਭੇਜਿਆ ਜਾਵੇਗਾ ਅਤੇ ਲੈਬਾਰਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੇਲ੍ਹ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀ ਚੈਕਿੰਗ ਜਾਰੀ ਰਹੇਗੀ ।