ਪੰਜਾਬ ਦੀ ਧਰਤੀ ’ਤੇ ਔਰਤ ਦਾ ਅਪਮਾਨ ਅਸਹਿ
ਸਦੀਆਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਨੂੰ ਉਸ ਸਮੇਂ ਵੱਡਾ ਸਤਿਕਾਰ ਦਿੱਤਾ ਸੀ ਜਦੋਂ ਸਮੇਂ ਦੇ ਹਾਕਮਾਂ ਦੀ ਅਗੁਵਾਈ ’ਚ ਸਮਾਜਿਕ ਤੌਰ ’ਤੇ ਔਰਤਾਂ ਨੂੰ ਹਰ ਪਾਸਿਓਂ ਤੁੱਛ ਸਮਝਿਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘‘ ਸੋ ਕਿਉਂ ਮੰਦਾ ਆਖੀਐ, ਜਿਤੁ ਜੰਮੈ ਰਾਜਾਨ ’’ ਸਲੋਕ ਦਾ ਉਚਾਰਣ ਕਰਕੇ ਸੰਦੇਸ਼ ਦਿਤਾ ਸੀ ਕਿ ਔਰਤ ਤ੍ਰਿਸਕਾਰ ਦੀ ਮਹੀਂ ਸਗੋਂ ਸਨਮਾਨ ਦੀ ਹੱਕਦਾਰ ਹੈ। ਜੋ ਸਾਰੀ ਸ਼ਿ੍ਰਸ਼ਟੀ ਨੂੰ ਚਲਾਉਣ ਵਿਚ ਅਹਿਮ ਰੋਲ ਅਦਾ ਕਰਦੀ ਹੈ। ਉਨ੍ਹਾਂ ਨੇ ਔਰਤਾਂ ਨੂੰ ਸਮਾਜ ਵਿਚ ਬਰਾਬਰੀ ਦੇ ਅਧਿਕਾਰ ਦੇਣ ਦੀ ਉਸ ਸਮੇਂ ਵਕਾਲਤ ਕੀਤੀ ਅਤੇ ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਉਸ ਰਹਿਬਰ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਵਿੱਚ ਤਰਨਤਾਰਨ ਸਾਹਿਬ ਦੇ ਵਲਟੋਹਾ ਇਲਾਕੇ ਵਿੱਚ ਔਰਤ ਨਾਲ ਜੋ ਵਰਤਾਰਾ ਕੀਤਾ ਗਿਆ ਉਹ ਬੇਹੱਦ ਸ਼ਰਮਨਾਕ ਹੈ। ਅਸੀਂ ਖੁਦ ਨੂੰ ਉਸ ਰਹਿਬਰ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਫਖਰ ਨਾਲ ਕਹਾਉਂਦੇ ਹਾਂ, ਰੋਜਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਿਤਕ ਹੁੰਦੇ ਹਾਂ ਪਰ ਸਾਡੇ ਜੀਵਨ ਵਿਚ ਸੁਧਾਰ ਨਹੀਂ ਹੋ ਸਕਿਆ। ਇਸ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਮੰਨਦੇ ਹਾਂ ਪਰ ਉਨ੍ਹਾਂ ਦੀ ਕਹੀ ਗੱਲ ਨੂੰ ਨਹੀਂ ਮੰਨਦੇ। ਜੇਕਰ ਅਸੀਂ ਉਨ੍ਹਾਂ ਦੇ ਦਰਸਾੇ ਹੋਏ ਮਾਰਗ ਵੱਲ ਇੱਕ ਕਦਮ ਵੀ ਵਧੇ ਹੁੰਦੇ ਤਾਂ ਇਸ ਗੁਰੂ ਸਾਹਿਬਾਨ ਦੀ ਪਵਿੱਤਰ ਧਰਤੀ ਤੇ ਔਰਤਾਂ ਦਾ ਇਸ ਹੱਦ ਤੱਕ ਅਪਮਾਨ ਕਦੇ ਵੀ ਨਹੀਂ ਹੁੰਦਾ। ਇਸ ਤੋਂ ਪਹਿਲਾਂ ਇੱਕ ਵਾਰ ਅਜਿਹੀ ਹੀ ਇੱਕ ਘਟਨਾ ਬਾਹਰੀ ਰਾਜ ਦੇ ਨੂੰਹ ਖੇਤਰ ਵਿਚ ਵਾਪਰੀ ਸੀ। ਉਥੇ ਵੀ ਔਰਤਾਂ ਦਾ ਘਿਨਾਉਣਾ ਅਪਮਾਨ ਕੀਤਾ ਗਿਆ ਸੀ। ਇਸਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਥਓੰ ਦੀ ਸਰਕਾਰ ਅਤੇ ਪੁਲਿਸ ਆਪਣੀ ਨੀਂਦ ਤੋਂ ਜਾਗੀ ਅਤੇ ਉਸ ਸ਼ਰਮਨਾਕ ਘਟਨਾ ਨੂੰ ਲੈ ਕੇ ਦੇਸ਼ ਭਰ ਵਿੱਚ ਕਾਫੀ ਹੰਗਾਮਾ ਹੋਇਆ। ਹੁਣ ਗੁਰੂਆਂ ਦੀ ਪਵਿੱਤਰ ਧਰਤੀ ਪੰਜਾਬ ਦੇ ਤਰਨਤਾਰਨ ਦੇ ਵਲਟੋਹਾ ਇਲਾਕੇ ਵਿੱਚ ਇਹ ਸ਼ਰਮਨਾਕ ਘਟਨਾ ਵਾਪਰੀ, ਕਿਉਂਕਿ ਔਰਤ ਦੇ ਪੁੱਤਰ ਨੇ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਪ੍ਰੇਮ ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਆਪਣੇ ਨਾਲ ਆਪਣੇ ਘਰ ਲੈ ਆਇਆ ਸੀ। ਜਿਸ ਕਾਰਨ ਲੜਕੀ ਦੇ ਪਰਿਵਾਰ ਵਾਲੇ ਖਫਾ ਹੋ ਗਏ ਅਤੇ ਉਨ੍ਹਾ ਨੇ ਆਪਣੀ ਧੀ ਦੇ ਸਹੁਰੇ ਘਰ ਜਾ ਕੇ ਨਾ ਸਿਰਫ ਲੜਕੀ ਦੀ ਕੁੱਟਮਾਰ ਕੀਤੀ ਸਗੋਂ ਉਸ ਦੀ ਸੱਸ ਨੂੰ ਵੀ ਕੁੱਟਿਆ ਅਤੇ ਉਸਨੂੰ ਨਿਰਵਸਤਰ ਕਰਕੇ ਪਿੰਡ ਵਿਚ ਘੁਮਾਇਆ। ਇਸ ਘਟਨਾ ਨੇ ਇਕ ਵਾਰ ਫਿਰ ਤੋਂ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ। ਇੱਕ ਹੋਰ ਸ਼ਰਮਨਾਕ ਗੱਲ ਇਹ ਹੈ ਕਿ ਅਸੀਂ ਪੰਜਾਬੀ ਇਸ ਗੱਲ ਲਈ ਮਸ਼ਹੂਰ ਹਾਂ ਕਿ ਇੱਥੇ ਅਸੀਂ ਕਿਸੇ ਨਾਲ ਵੀ ਕੋਈ ਬੇਇਨਸਾਫ਼ੀ ਹੁੰਦੀ ਹੈ ਤਾਂ ਸਾਡਾ ਖੂਨ ਖੌਲ ਜਾਂਦਾ ਹੈ ਅਤੇ ਅਸੀਂ ਬਿਨ੍ਹਾਂ ਕਿਸੇ ਨਫਾ ਨੁਕਸਾਨ ਦੀ ਪਰਵਾਹ ਕੀਤਿਆੀਂ ਛਾਤੀ ਡਾਹ ਕੇ ਅੱਗੇ ਹੋ ਜਾਂਦੇ ਹਾਂ। ਇਤਿਹਾਸ ਗਵਾਹ ਹੈ ਕਿ ਸਾਡੇ ਗੁਰੂ ਸਹਿਬਾਨ ਤੋਂ ਲੈ ਕੇ ਸਿੱਖ ਕੌਮ ਦੇ ਮਹਾਨ ਯੋਧਿਆਾਂ ਨੇ ਹਮੇਸ਼ਾ ਜ਼ੁਲਮ ਦਾ ਟਾਕਰਾ ਕੀਤਾ ਅਤੇ ਕੁਰਬਾਨੀਆਂ ਦਿਤੀਆਂ, ਪਰ ਝੁਕੇ ਨਹੀਂ। ਸਾਡੇ ਗੁਰੂ ਸਾਹਿਬ ਦੇ ਹੁਕਮ ਵੀ ਹਨ ਕਿ ਅੱਤਿਆਚਾਰਾਂ ਦੇ ਖਿਲਾਫ ਲੜੋ। ਪਰ ਵਲਟੋਹਾ ਵਿਚ ਬਹੁਤੇ ਲੋਕ ਤਮਾਸ਼ਬੀਨ ਬਣੇ ਰਹੇ ਅਤੇ ਇਥੋਂ ਤੱਕ ਕਿ ਇਸ ਸ਼ਰਮਨਾਕ ਘਟਨਾ ਦੀ ਵੀਡੀਓ ਤੱਕ ਬਣਾਉਂਦੇ ਰਹੇ। ਕਿਸੇ ਦਾ ਵੀ ਖੂਨ ਨਹੀਂ ਖੌਲਿਆ। ਇੱਥੇ ਵੀ ਨੂੰਹ ਵਿਚ ਵਾਪਰੀ ਘਟਨਾ ਵਾਂਗ ਹੀ ਪੁਲਿਸ ਅਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਨਹੀਂ ਕੀਤੀ। ਪਰ ਇਸ ਸ਼ਰਮਨਾਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਜਾਗਿਆ ਅਤੇ ਹੁਣ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਚਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਥੇ ਵੱਡਾ ਸਵਾਲ ਇਹ ਹੈ ਕਿ ਅੱਜ ਦੇ ਆਧੁਨਿਕ ਯੁੱਗ ’ਚ ਅਸੀਂ ਖੁਦ ਨੂੰ ਆਧੁਨਿਕਤਾ ਦੇ ਢਾਂਚੇ ਵਿਚ ਫਿੱਟ ਕਰਨ ਲਈ ਹਰ ਸਮੇਂ ਤੱਤਪਰ ਰਹਿੰਦੇ ਹਾਂ , ਬਾਹਰਲੇ ਮੁਲਕਾਂ ਵਾਂਗ ਆਜ਼ਾਦੀ ਚਾਹੁੰਦੇ ਹਾਂ ਪਰ ਅਸੀਂ ਆਪਣੀਆਂ ਬੱਚੀਆਂ ਨੂੰ ਆਜ਼ਾਦੀ ਨਾਲ ਜਿਊਣ ਦੀ ਆਗਿਆ ਨਹੀਂ ਦੇ ਸਕੇ। ਲਵ ਮੈਰਿਜ ਕਰਨਾ ਗੁਨਾਹ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਮੈਂ ਬੱਚਿਆਂ ਨੂੰ ਕਹਿਣਾ ਚਾਹਾਂਗਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਗਲਤ ਕਦਮ ਉਠਾਉਣ ਤੋਂ ਪਹਿਲਾਂ ਆਪਣੇ ਮਾਂ ਬਾਪ ਦੀ ਇੱਜਤ ਬਾਰੇ ਜਰੂਰ ਖਿਆਲ ਕਰ ਲੈਣ। ਦੂਜਾ ਜੇਕਰ ਮਾਤਾ-ਪਿਤਾ ਨੂੰ ਪਤਾ ਹੈ ਕਿ ਉਨ੍ਹਾਂ ਦਾ ਬੱਚਾ ਪ੍ਰੇਮ ਸਬੰਧਾਂ ਵਿੱਚ ਹੈ, ਤਾਂ ਉਨ੍ਹਾਂ ਨੂੰ ਵਿਰੋਧ ਕਰਨ ਦੀ ਬਜਾਏ ਆਪਣੇ ਆਪ ਵਿਆਹ ਕਰਵਾ ਕੇ ਬੱਚੇ ਨੂੰ ਜਿਊਣ ਦਾ ਅਧਿਕਾਰ ਦੇਣਾ ਚਾਹੀਦਾ ਹੈ। ਇਸ ਦੇ ਬਾਵਜੂਦ ਜੇਕਰ ਕੋਈ ਬੱਚਾ ਪਰਿਵਾਰ ਤੋਂ ਬਾਹਰੀ ਹੋ ਕੇ ਵਿਆਹ ਕਰਵਾ ਵੀ ਲੈਂਦਾ ਹੈ ਤਾਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ ਠੀਕ ਨਹੀਂ ਹੈ। ਉਸ ਨੂੰ ਆਪਣੀ ਜ਼ਿੰਦਗੀ ਜੀਣ ਦਾ ਹੱਕ ਹੈ, ਤੁਸੀਂ ਉਸ ਨਾਲ ਵਿਵਹਾਰ ਰੱਖਣਾ ਚਾਹੁੰਦੇ ਹੋ ਜਾਂ ਨਹੀਂ, ਇਹ ਵੱਖਰੀ ਗੱਲ ਹੈ ਕਿ ਬੱਚੇ ਜਦੋਂ ਅਜਿਹਾ ਕਦਮ ਚੁੱਕਦੇ ਹਨ ਤਾਂ ਬਹੁਤ ਸਾਰੀਆਂ ਮਿਸਾਲਾਂ ਸਾਹਮਣੇ ਆਉਂਦੀਆਂ ਹਨ ਕਿ ਇੱਕ ਵਾਰ ਤਾਂ ਉਨ੍ਹਾਂ ਨੂੰ ਪਰਿਵਾਰਿਕ ਤੌਕੇ ਤੇ ਛੱਡਿਆ ਗਿਆ ਪਰ ਕੁਝ ਕੁਝ ਸਮੇਂ ਬਾਅਦ ਦੋਵੇਂ ਪਰਿਵਾਰ ਇਹਨਾਂ ਨੂੰ ਸਵੀਕਾਰ ਕਰਦੇ ਰਹੇ ਹਨ। ਅੱਜ ਸਮਾਜ ਵਿੱਚ ਤਬਦੀਲੀ ਦੇ ਨਾਲ-ਨਾਲ ਸੋਚ ਵਿੱਚ ਵੀ ਤਬਦੀਲੀ ਲਿਆਉਣ ਦੀ ਲੋੜ ਹੈ। ਜਿਸ ਤਰ੍ਹਾਂ ਦੀ ਘਟਨਾ ਵਲਟੋਹਾ ਵਿਚ ਵਾਪਰੀ ਉਸਦੀ ਜਿੰਨੀ ਮਰਜ਼ੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ।
ਹਰਵਿੰਦਰ ਸਿੰਘ ਸੱਗੂ ।