ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਅਬੋਹਰ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਅਬੋਹਰ ਦੇ ਪਿੰਡ ਰਾਮਪੁਰਾ ਨਰਾਇਣਪੁਰਾ ਵਿਖੇ ਮਲੋਟ ਦੇ ਰਹਿਣ ਵਾਲੇ ਤਿੰਨ ਸਾਲਾ ਬੱਚੇ ਦੀ ਸੋਮਵਾਰ ਸਵੇਰੇ ਘਰ ‘ਚ ਬਣੀ ਡਿੱਗੀ ‘ਚ ਡਿੱਗਣ ਕਾਰਨ ਮੌਤ ਹੋ ਗਈ। ਉਹ ਪਿਛਲੇ ਕੁਝ ਦਿਨਾਂ ਤੋਂ ਰਾਮਪੁਰਾ ਨਰਾਇਣਪੁਰਾ ਆਪਣੇ ਨਾਨਕੇ ਘਰ ਆਇਆ ਹੋਇਆ ਸੀ। ਘਟਨਾ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਲੈ ਆਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਇਕਬਾਲ ਕਾਲੋਨੀ ਦਾ ਤਿੰਨ ਸਾਲਾ ਏਕਮ ਇਕਲੌਤਾ ਪੁੱਤਰ ਸੀ। ਏਕਮ ਆਪਣੇ ਮਾਮੇ ਗੁਰਸੇਵਕ ਸਿੰਘ ਕੋਲ ਰਾਮਪੁਰਾ ਨਰਾਇਣਪੁਰਾ ‘ਚ ਰਹਿੰਦਾ ਸੀ। ਏਕਮ ਜ਼ਿਆਦਾ ਇੱਥੇ ਗੁਰਸੇਵਕ ਦੀ ਪਤਨੀ ਨਾਲ ਰਹਿੰਦਾ ਸੀ ਜਦਕਿ ਉਸਦੀ ਮਾਂ ਮਨਪ੍ਰੀਤ ਮਲੋਟ ਵਿਖੇ ਰਹਿੰਦੀ ਹੈ। ਅੱਜ ਏਕਮ ਜਦੋਂ ਖੇਡ ਰਿਹਾ ਸੀ ਤਾਂ ਘਰ ‘ਚ ਬਣੀ ਡਿੱਗੀ ਕੋਲ ਗਿਆ ਤਾਂ ਡਿੱਗੀ ਦਾ ਪਲਾਸਟਿਕ ਦਾ ਢੱਕਣ ਖੁੱਲ੍ਹ ਗਿਆ ਤੇ ਉਹ ਉਸ ਵਿੱਚ ਡਿੱਗ ਗਿਆ। ਗੁਰਸੇਵਕ ਦੀ ਪਤਨੀ ਨੇ ਜਦੋਂ ਕਾਫੀ ਦੇਰ ਤਕ ਏਕਮ ਨੂੰ ਨਾ ਦੇਖਿਆ ਤਾਂ ਉਸ ਨੇ ਆਲੇ-ਦੁਆਲੇ ਦੇਖਿਆ। ਡਿੱਗੀ ਦਾ ਢੱਕਣ ਖੁੱਲ੍ਹਾ ਪਿਆ ਸੀ। ਜਦੋਂ ਉਸ ਨੇ ਅੰਦਰ ਦੇਖਿਆ ਤਾਂ ਏਕਮ ਉਸ ਵਿਚ ਡੁੱਬਿਆ ਹੋਇਆ ਸੀ। ਉਸ ਨੇ ਲੋਕਾਂ ਦੀ ਮਦਦ ਨਾਲ ਏਕਮ ਨੂੰ ਤੁਰੰਤ ਬਾਹਰ ਕੱਢਿਆ ਤੇ ਸੀਤੋ ਨੂੰ ਗੁੰਨੋ ਦੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲੈ ਕੇ ਜਾਣ ਨੂੰ ਕਿਹਾ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।