ਸ਼੍ਰੀ ਮਾਛੀਵਾੜਾ ਸਾਹਿਬ (ਭਗਵਾਨ ਭੰਗੂ) ਪਿੰਡ ਕੱਚਾ ਮਾਛੀਵਾੜਾ ਦੇ ਸਰਕਾਰੀ ਸਕੂਲ ’ਚ ਮੰਗਲਵਾਰ ਸਵੇਰੇ ਮਿਡ-ਡੇ-ਮੀਲ ਵਰਕਰ ਮਨਜੀਤ ਕੌਰ (50) ਦੀ ਬੱਚਿਆਂ ਲਈ ਖਾਣਾ ਤਿਆਰ ਕਰਦਿਆਂ ਅੱਗ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਰਕਾਰੀ ਪ੍ਰਾਇਮਰੀ ਸਕੂਲ ’ਚ ਮਿਡ-ਡੇ-ਮੀਲ ਵਰਕਰ ਬੱਚਿਆਂ ਲਈ ਖਾਣਾ ਤਿਆਰ ਕਰ ਰਹੀ ਮਨਜੀਤ ਕੌਰ ਨੇੜੇ ਪਏ ਸਿਲੰਡਰ ਦੀ ਪਾਈਪ ਲੀਕ ਹੋਣ ਦੇ ਸਿੱਟੇ ਵਜੋਂ ਅੱਗ ਭੜਕ ਗਈ ਜੋ ਕਿ ਉਸ ਦੇ ਕੱਪੜਿਆਂ ਨੂੰ ਲੱਗ ਗਈ। ਮੌਕੇ ’ਤੇ ਹੀ ਡਿਊਟੀ ਨਿਭਾਅ ਰਹੇ ਅਧਿਆਪਕ ਚਰਨਜੀਤ ਸਿੰਘ ਨੇ ਬੜੀ ਮੁਸ਼ਕਲ ਨਾਲ ਮਨਜੀਤ ਕੌਰ ਦੇ ਕੱਪੜਿਆਂ ਦੀ ਅੱਗ ਨੂੰ ਬੁਝਾਇਆ ਪਰ ਉਦੋਂ ਤੱਕ ਉਹ ਬੁਰੀ ਤਰ੍ਹਾਂ ਝੁਲਸ ਚੁੱਕੀ ਸੀ। ਉਸ ਨੂੰ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੇ ਜਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਉਹ ਦਮ ਤੋੜ ਗਈ। ਮ੍ਰਿਤਕਾ ਮਨਜੀਤ ਕੌਰ ਦਾ ਇਲਾਜ ਕਰ ਰਹੇ ਡਾ. ਸ਼ੁਭਮ ਦੱਤ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸ ਦਾ ਕਾਫ਼ੀ ਸਰੀਰ ਝੁਲਸਿਆ ਜਾ ਚੁੱਕਾ ਸੀ ਜਿਸ ਕਾਰਨ ਉਸ ਨੂੰ ਬਚਾਇਆ ਨਾ ਜਾ ਸਕਿਆ। ਸੂਚਨਾ ਮਿਲਦੇ ਹੀ ਮ੍ਰਿਤਕ ਮਨਜੀਤ ਕੌਰ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ।