ਮਾਨਸਾ (ਭੰਗੂ) ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਮੰਗਲਵਾਰ ਨੂੰ 25 ਮੁਲਜ਼ਮਾਂ ਨੇ ਵੀਡੀਓ ਕਾਨਫਰੰਸ (ਵੀਸੀ) ਰਾਹੀਂ ਪੇਸ਼ੀ ਭੁਗਤੀ ਜਦੋਂਕਿ ਦੀਪਕ ਮੁੰਡੀ ਅਤੇ ਸਚਿਨ ਭਿਵਾਨੀ ਦੇ ਕਿਸੇ ਵੀ ਜੇਲ੍ਹ ’ਚ ਤਾਲਮੇਲ ਨਹੀਂ ਹੋ ਸਕਿਆ। ਅਦਾਲਤ ਵੱਲੋਂ ਹੁਣ ਬਹਿਸ ਲਈ 19 ਅਪ੍ਰੈਲ ਦੀ ਤਰੀਕ ਤੈਅ ਕੀਤੀ ਗਈ ਹੈ। ਉਸ ਦਿਨ ਗੈਂਗਸਟਰ ਲਾਰੈਂਸ ਬਿਸ਼ਨੋਈ, ਚਰਨਜੀਤ ਸਿੰਘ ਉਰਫ਼ ਚੇਤਨ, ਜੱਗੂ ਭਗਵਾਨਪੁਰੀਆ ਅਤੇ ਜਗਤਾਰ ਸਿੰਘ ਵੱਲੋਂ ਖੁਦ ਨੂੰ ਬੇਗੁਨਾਹ ਦੱਸਣ ਦੀਆਂ ਅਰਜ਼ੀਆਂ ’ਤੇ ਬਹਿਸ ਹੋਈ।ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਹੇਠਲੀ ਅਦਾਲਤ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਤਿੰਨ ਮੁਲਜ਼ਮਾਂ ਵੱਲੋਂ ਦਾਇਰ ਅਰਜ਼ੀਆਂ ਦਾ ਵਿਰੋਧ ਕਰਦਿਆਂ ਹੇਠਲੀ ਅਦਾਲਤ ਵਿਚ ਜਵਾਬ ਦਾਖ਼ਲ ਕਰ ਦਿੱਤਾ ਹੈ, ਜਦੋਂ ਕਿ ਗੈਂਗਸਟਰਾਂ ਵੱਲੋਂ ਕਤਲ ਕੇਸ ਵਿਚ ਸ਼ਾਮਲ ਨਾ ਹੋਣ ਦਾ ਆਪਣੇ ਵਕੀਲਾਂ ਰਾਹੀਂ ਦਾਅਵਾ ਪਹਿਲਾਂ ਹੀ ਕੀਤਾ ਗਿਆ ਸੀ।ਮੂਸੇਵਾਲਾ ਦੇ ਮਾਪਿਆਂ ਵੱਲੋਂ ਅਤੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ 5 ਅਪ੍ਰੈਲ ਦੀ ਪੇਸ਼ੀ ਦੌਰਾਨ ਜਿਹੜੇ ਚਾਰ ਜਣਿਆਂ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ, ਸਚਿਨ ਭਿਵਾਨੀ, ਦੀਪਕ ਮੁੰਡੀ ਅਤੇ ਕਪਿਲ ਪੰਡਿਤ ਨੂੰ ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ, ਉਨ੍ਹਾਂ ਵਿਚੋਂ ਦੀਪਕ ਮੁੰਡੀ ਅਤੇ ਸਚਿਨ ਭਿਵਾਨੀ ਨੂੰ ਛੱਡ ਕੇ ਬਾਕੀ ਦੋ ਨੇ ਅਦਾਲਤ ਵਿੱਚ ਵੀਸੀ ਰਾਹੀਂ ਪੇਸ਼ ਹੋ ਕੇ ਪੇਸ਼ੀ ਭੁਗਤ ਲਈ ਹੈ।