ਜਗਰਾਉਂ, 23 ਅਪ੍ਰੈਲ ( ਭਗਵਾਨ ਭੰਗੂ )-ਸੋਮਵਾਰ ਨੂੰ ਸਵੇਰੇ 9 ਵਜੇ ਦੇ ਕਰੀਬ ਮਾਮੂਲੀ ਪੈਸਿਆਂ ਦੇ ਦੇਣ ਲੈਣ ਨੂੰ ਲੈ ਕੇ ਪੁਰਾਣੀ ਦਾਣਾ ਮੰਡੀ ’ਚ ਸੋਮਵਾਰ ਸਵੇਰੇ ਪਿਉ-ਪੁੱਤ ਵਲੋਂ ਚਾਕੂ ਮਾਰ ਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ’ਚ ਕਥਿਤ ਦੋਸ਼ੀ ਨਾਬਾਲਗ ਲੜਕੇ ਅਤੇ ਉਸ ਦੇ ਪਿਤਾ ਨੂੰ ਗਿ੍ਰਫ਼ਤਾਰ ਕਰਨ ਤੋਂ ਬਾਅਦ ਅੱਜ ਲੜਕੇ ਨੂੰ ਜੁਵੇਨਾਈਲ ਕੋਰਟ, ਲੁਧਿਆਣਾ ਵਿੱਚ ਪੇਸ਼ ਕੀਤਾ ਗਿਆ। ਉਥੇ ਲੜਕੇ ਨੂੰ ਜੇਲ੍ਹ ਭੇਜਣ ਦੇ ਆਦੇਸ਼ ਦਿੱਤੇ ਗਏ। ਜਦੋਂਕਿ ਉਸ ਦੇ ਪਿਤਾ ਬਲਰਾਮ ਮਿਸ਼ਰਾ ਵਾਸੀ ਖਟੀਆਣਾ ਜ਼ਿਲ੍ਹਾ ਗੋਂਡਾ, ਉੱਤਰ ਪ੍ਰਦੇਸ਼, ਮੌਜੂਦਾ ਵਾਸੀ ਨਹਿਰੂ ਮਾਰਕੀਟ ਮੁਹੱਲਾ ਮਿਸਤਰੀਆਂ ਜਗਰਾਉਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਸਬ-ਇੰਸਪੈਕਟਰ ਬਲਬੀਰ ਰਾਮ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਦੇ ਕਤਲ ਸਬੰਧੀ ਮੁਲਜ਼ਮ ਕੋਲੋਂ ਪੁੱਛਗਿੱਛ ਕਰਨ ਤੋਂ ਇਲਾਵਾ ਉਸ ਕੋਲੋਂ ਕਤਲ ਕਰਨ ਲਈ ਵਰਤਿਆ ਗਿਆ ਚਾਕੂ ਵੀ ਬਰਾਮਦ ਕੀਤਾ ਜਾਵੇਗਾ।