ਜਗਰਾਉਂ, 23 ਅਪ੍ਰੈਲ ( ਜਗਰੂਪੁ ਸੋਹੀ )—ਬੱਸ ਅੱਡਾ ਪੁਲਸ ਚੌਕੀ ਦੀ ਟੀਮ ਵੱਲੋਂ ਨਾਕਾਬੰਦੀ ਦੌਰਾਨ ਚੋਰੀ ਦਾ ਮੋਟਰਸਾਈਕਲ ਲੈ ਕੇ ਜਾ ਰਹੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਮਲਕ ਚੌਕ ਜਗਰਾਉਂ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਸੰਦੀਪ ਸਿੰਘ ਵਾਸੀ ਪਿੰਡ ਕੰਗਣਵਾਲ ਨਜ਼ਦੀਕ ਅਹਿਮਦਗੜ੍ਹ ਜ਼ਿਲਾ ਮਾਲੇਰਕੋਟਲਾ ਮੋਟਰਸਾਈਕਲ ਚੋਰੀ ਕਰਨ ਦਾ ਧੰਦਾ ਕਰਦਾ ਹੈ। ਉਹ ਮੋਟਰਸਾਈਕਲ ਵੇਚਣ ਲਈ ਇੱਕ ਚੋਰੀਸ਼ੁਦਾ ਮੋਟਰਸਾਈਕਲ ਸਪਲੈਂਡਰ ਪਲੱਸ ’ਤੇ ਸਵਾਰ ਹੋ ਕੇ ਮੁੱਲਾਪੁਰ ਸ਼ਹਿਰ ਤੋਂ ਜਗਰਾਉਂ ਸਾਈਡ ਵੱਲ ਆ ਰਿਹਾ ਹੈ। ਇਸ ਸੂਚਨਾ ’ਤੇ ਅਲੀਗੜ੍ਹ ਜੀ.ਟੀ ਰੋਡ ’ਤੇ ਰਾਜਾ ਢਾਬੇ ਨੇੜੇ ਨਾਕਾਬੰਦੀ ਕਰਕੇ ਮੋਟਰਸਾਈਕਲ ’ਤੇ ਆ ਰਹੇ ਸੰਦੀਪ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ। ਸੰਦੀਪ ਸਿੰਘ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ ਹੈ।