ਮਲੇਰਕੋਟਲਾ 13 ਅਪ੍ਰੈਲ (ਰਾਜਨ ਜੈਨ) – ਬੀਤੀ ਦੇਰ ਰਾਤ ਉਸ ਸਮੇਂ ਮਾਲੇਰਕੋਟਲਾ ਇਲਾਕੇ ਅੰਦਰ ਈਦ ਦੀਆਂ ਖੁਸ਼ੀਆਂ ਗਮਾਂ ਵਿੱਚ ਤਬਦੀਲ ਹੋ ਗਈਆਂ ਜਦੋਂ ਇੱਕ ਸੜਕ ਹਾਦਸੇ ਦੌਰਾਨ ਤਿੰਨ ਪਰਿਵਾਰਾਂ ਦੇ ਘਰ ਦੇ ਚਿਰਾਗ ਇਹ ਸੜਕ ਦੇ ਦੌਰਾਨ ਹਾਦਸੇ ਦੌਰਾਨ ਮੌਤ ਹੋਣ ਤੋਂ ਬਾਅਦ ਬੁਝ ਗਏ ਅਤੇ ਹਾਦਸੇ ਵਿੱਚ ਸ਼ਾਮਿਲ ਦੋ ਹੋਰ ਨੌਜਵਾਨ ਲੜਕਿਆਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਇਹ ਪੰਜ ਜਿਗਰੀ ਯਾਰ ਚੰਡੀਗੜ੍ਹ ਤੋਂ ਤਿਊਹਾਰ ਦੀਆਂ ਖੁਸ਼ੀਆਂ ਮਨਾ ਕੇ ਵਾਪਸ ਪਰਤ ਰਹੇ ਸੀ ਕਿ ਅਚਾਨਕ ਖੰਨਾਂ ਰੋਡ ਤੇ ਪਿੰਡ ਰਾਣਵਾਂ ਦੇ ਨਜਦੀਕ ਇਹਨਾਂ ਦੀ ਸਕੌਡਾ ਕਾਰ ਦਾ ਟਾਇਰ ਫੱਟ ਗਿਆ ਜਿਸ ਕਾਰਨ ਕਾਰ ਵਸ ਤੋਂ ਬਾਹਰ ਹੋ ਗਈ ਅਤੇ ਇਹਨਾਂ ਪੰਜ ਨੌਜਵਾਨਾਂ ਵਿੱਚੋਂ ਦੋ ਜਿਨ੍ਹਾਂ ਦੇ ਨਾਮ ਅਲੀ ਸ਼ਾਨ ਅਤੇ ਸਿਮਨਜੀਤ ਸਿੰਘ ਹਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤੀਜੇ ਨੌਜਵਾਨ ਜਿਸ ਦਾ ਨਾਮ ਉਮੈਰ ਅਸਲਮ ਹੈ ਨੂੰ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਵੀ ਮੌਤ ਹੋ ਗਈ। ਲੁਧਿਆਣਾ ਲੈ ਕੇ ਗਏ ਨੌਜਵਾਨ ਦਾ ਲੁਧਿਆਣਾ ਦੇ ਹੀ ਹਸਪਤਾਲ ਵਿੱਚ ਪੋਸਟਮਾਰਟਮ ਕਰ ਦਿੱਤਾ ਗਿਆ ਅਤੇ ਉਸ ਨੂੰ ਦੁਪਿਹਰ ਦੋ ਵਜੇ ਜਮਾਲਪੁਰਾ ਵਿਖੇ ਕਬਰੀਸਤਾਨ ਵਿਖੇ ਸਪੁਰਦੇ ਖਾਕ ਕਰ ਦਿੱਤਾ ਗਿਆ। ਇੱਕ ਨੌਜਵਾਨ ਜਿਸ ਦਾ ਨਾਮ ਪ੍ਰਭਸਿਮਰਨ ਹੈ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਜਿਥੇ ਉਸ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਅਤੇ ਇੱਕ ਨੌਜਵਾਨ ਮਨਵੀਰ ਸਿੰਘ ਖਤਰੇ ਤੋਂ ਬਾਹਰ ਹੈ।ਮਿਲੀ ਜਾਣਕਾਰੀ ਅਨੁਸਾਰ ਊਮੈਰ ਅਸਲਮ ਪੁੱਤਰ ਡਾਕਟਰ ਮੁਹੰਮਦ ਅਸਲਮ ਵਾਸੀ ਜਮਾਲ ਪੁਰਾ ਮਾਲੇਰਕੋਟਲਾ, ਅਲੀਸ਼ਾਨ ਵਾਸੀ ਮੁਹੱਲਾ ਭੁਮਸੀ ਮਾਲੇਰਕੋਟਲਾ , ਸਿਮਰਨਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਗੁਆਰਾ ਮਾਲੇਰਕੋਟਲਾ ਦੀ ਇਸ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜਦਕਿ ਪ੍ਰਭ ਸਿਮਰਨ ਅਤੇ ਮਨਵੀਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਆਰਾ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।ਸਾਰੇ ਹੀ ਨੌਜਵਾਨਾਂ ਦੀ ਉਮਰ 20 ਤੋਂ 23 ਸਾਲ ਦੇ ਕਰੀਬ ਹੈ। ਇਹ ਪੰਜੇ ਨੌਜਵਾਨ ਆਪਸ ਵਿੱਚ ਜਿਗਰੀ ਯਾਰ ਸਨ ਅਤੇ ਤਿਊਹਾਰ ਦੀਆਂ ਖੁਸ਼ੀਆਂ ਮਣਾਉਣ ਲਈ ਚੰਡੀਗੜ੍ਹ ਇੱਕਠੇ ਹੋ ਕੇ ਗਏ ਸੀ। ਕਲ੍ਹ ਦੇਰ ਰਾਤ ਸਾਢੇ 11 ਵਜੇ ਇਹ ਨੌਜਵਾਨ ਵਾਪਸ ਮਾਲੇਰਕੋਟਲਾ ਨੂੰ ਪਰਤ ਰਹੇ ਸੀ ਕਿ ਅਚਾਨਕ ਇਹ ਦਰਦਨਾਕ ਹਾਦਸਾ ਵਾਪਰ ਗਿਆ। ਦੋ ਨੌਜਵਾਨਾਂ ਦਾ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ। ਪੁਲਿਸ ਨੇ ਇਸ ਸਬੰਧ ਵਿੱਚ ਐਕਸੀਡੈਂਟ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਜਦੋਂ ਇਹਨਾਂ ਨੌਜਵਾਨਾਂ ਦੀ ਮੌਤ ਦੀ ਖ਼ਬਰ ਸੋਸ਼ਲ ਮੀਡਿਆ ਤੇ ਲੋਕਾਂ ਵੱਲੋਂ ਪਾਈ ਗਈ ਤਾਂ ਇਹ ਖ਼ਬਰ ਜੰਗਲ ਦੀ ਅੱਗ ਦੀ ਤਰ੍ਹਾਂ ਚਾਰੇ ਪਾਸੇ ਫੈਲ ਗਈ। ਸ਼ਹਿਰ ਦੇ ਲੋਕ ਜਮਾਲਪੁਰਾ ਕਬਰੀਸਤਾਨ ਅਤੇ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਜਮਾਂ ਹੋ ਗਏ। ਬਾਅਦ ਵਿੱਚ ਮਿਲੀ ਜਾਣਕਾਰੀ ਅਨੁਸਾਰ ਜਖਮੀਆਂ ਵਿੱਚੋਂ ਇੱਕ ਨੌਜਵਾਨ ਹੋਰ ਦਮ ਤੋੜ ਗਿਆ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਚਾਰ ਹੋ ਗਈ ਹੈ ।