ਅਹਿਮਦਗੜ੍ਹ,14 ਅਪ੍ਰੈਲ (ਵਿਕਾਸ ਮਠਾੜੂ):- ਹਲਕਾ ਅਮਰਗੜ੍ਹ ਤੋਂ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਟਿਕਟ ਮਿਲਣ ਤੇ ਸੈਂਕੜੇ ਵਰਕਰਾਂ,ਅਹੁਦੇਦਾਰਾਂ ਅਤੇ ਸਨੇਹੀਆਂ ਵੱਲੋਂ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹੀਆਂ, ਜਿਸ ਦੌਰਾਨ ਪੰਜਾਬੀ ਸ਼ਾਇਰ ਅਤੇ ਸਾਹਿਤ ਕਲਾ ਮੰਚ (ਰਜਿ:)ਅਹਿਮਦਗੜ੍ਹ ਦੇ ਪ੍ਰਧਾਨ ਸ.ਅਮਨਦੀਪ ਸਿੰਘ ਦਰਦੀ ਨੇ ਉਹਨਾਂ ਨੂੰ ਟਿਕਟ ਮਿਲਣ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਐਡਵੋਕੇਟ ਇਕਬਾਲ ਸਿੰਘ ਝੂੰਦਾ ਇੱਕ ਦਰਵੇਸ਼ ਸਿਆਸਤਦਾਨ ਜਾਨਣ ਤੋਂ ਇਲਾਵਾ ਬਹੁਤ ਘੱਟ ਲੋਕ ਜਾਣਦੇ ਨੇ, ਕਿ ਉਹਨਾਂ ਦੇ ਧੁਰ ਅੰਦਰ ਇਕ ਐਸਾ ਗੈਰ ਸਿਆਸੀ ਮੰਚ ਵੀ ਹੈ,ਜਿੱਥੋਂ ਕਵਿਤਾ ਉਦੈ ਹੁੰਦੀ ਹੈ। ਪੰਜਾਬੀ ਦੇ ਇਸ ਪ੍ਰਸਿੱਧ ਸ਼ਾਇਰ ਦੇ ਕਾਵਿ ਸੰਗ੍ਰਹਿ “ਮੂਕ ਸਫ਼ੇ ਦੇ ਬੋਲ” ਦੀ ਪ੍ਰਕਾਸ਼ਨਾ ਨੇ ਇਸ ਸ਼ਾਇਰ ਦੀ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੱਖਰੀ ਤੇ ਨਿਵੇਕਲੀ ਪਹਿਚਾਣ ਬਣਾਈ ਹੈ। ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਜੱਸਲ ਨੇ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਦੇ ਇਸ ਹਰਮਨ ਪਿਆਰੇ ਆਗੂ ਨੂੰ ਟਿਕਟ ਮਿਲਣਾ ਸਮੁੱਚੇ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਅਕਾਲੀ ਆਗੂ ਨਿਰਭੈ ਸਿੰਘ ਅਮਰਪੁਰਾ ਨੇ ਕਿਹਾ ਕਿ ਬਹੁਤ ਘੱਟ ਸਿਆਸੀ ਲੋਕ ਸਾਹਿਤਕਾਰ ਹੁੰਦੇ ਹਨ ਤੇ ਇਹਨਾਂ ਦਾ ਇੱਕ ਸੂਖਮਭਾਵੀ ਕਵੀ ਹੋਣਾ ਇਹਨਾਂ ਦੀ ਸ਼ਖਸ਼ੀਅਤ ਨੂੰ ਚਾਰ ਚੰਨ ਲਾਉਂਦਾ ਹੈ। ਇਸ ਮੌਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਨੂੰ ਵਧਾਈ ਦੇਣ ਲਈ ਸਾਬਕਾ ਸ਼ਹਿਰੀ ਪ੍ਰਧਾਨ ਗੁਰਮੀਤ ਸਿੰਘ ਉੱਭੀ,ਮਾਸਟਰ ਕੁਲਦੀਪ ਸਿੰਘ, ਪਰਮਜੀਤ ਸਿੰਘ ਜਵੰਦਾ,ਠੇਕੇਦਾਰ ਹਰਜਿੰਦਰ ਸਿੰਘ,ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ ਅਤੇ ਨਿਰਮਲ ਸਿੰਘ ਵੀ ਉਚੇਚੇ ਤੌਰ ਤੇ ਹਾਜ਼ਰ ਸਨ।