ਮਹਿਲਕਲਾਂ, 14 ਅਪ੍ਰੈਲ, (ਰਾਜਨ ਜੈਨ – ਮੁਕੇਸ਼) : ਭਾਕਿਯੂ ਏਕਤਾ (ਡਕੌਂਦਾ) ਦੇ ਨਿਡਰ ਆਗੂ, ਕਿਸਾਨ ਲਹਿਰ ਦੇ ਸਰਗਰਮ ਕਾਰਕੁੰਨ ਖੁਸ਼ਪਾਲ ਸਿੰਘ ਦੀ ਕੁੱਝ ਦਿਨ ਪਹਿਲਾਂ ਬੇਵਕਤੀ ਮੌਤ ਹੋ ਗਈ ਸੀ। ਅੱਜ ਖੁਸ਼ਪਾਲ ਸਿੰਘ ਦਾ ਸ਼ਰਧਾਂਜਲੀ ਸਮਾਗਮ ਕਲਾਲਮਾਜਰਾ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ। ਇਸ ਸ਼ਰਧਾਂਜਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਇਤਿਹਾਸਕ ਕਿਸਾਨ ਘੋਲ ਦੌਰਾਨ ਖੁਸ਼ਪਾਲ ਸਿੰਘ ਦੋ ਦਹਾਕਿਆਂ ਤੋਂ ਜਥੇਬੰਦੀ ਨਾਲ ਪੂਰੀ ਤਰ੍ਹਾਂ ਸਮਰਪਿਤ ਹੋਕੇ ਜੁੜਿਆ ਹੋਇਆ ਸੀ। ਇਤਿਹਾਸਕ ਜੇਤੂ ਕਿਸਾਨ ਘੋਲ ਦੌਰਾਨ ਸਾਡੇ ਇਸ ਹਰਮਨ ਪਿਆਰੇ ਆਗੂ ਨੇ ਅਹਿਮ ਭੂਮਿਕਾ ਨਿਭਾਈ ਸੀ। ਮਹਿਲਕਲਾਂ ਟੋਲ ਪਲਾਜ਼ਾ ਉੱਪਰ ਸਵਾ ਸਾਲ ਨਿਭਾਈ ਜ਼ਿੰਮੇਵਾਰੀ ਮਿਸਾਲ ਹੈ।ਦਿੱਲੀ ਟਿੱਕਰੀ ਬਾਰਡਰ ‘ਤੇ ਵੀ ਕਿੰਨੀ ਹੀ ਵਾਰ ਕਾਫ਼ਲੇ ਨਾਲ ਦਿੱਲੀ ਗਿਆ। ਹਫ਼ਤਿਆਂ ਬੱਧੀ ਟਿੱਕਰੀ ਬਾਰਡਰ ਉੱਪਰ ਰੁਕਦਾ ਰਿਹਾ। ਇਤਿਹਾਸਕ ਕਿਸਾਨ ਘੋਲ ਸਮੇਂ ਆਪਣਾ ਟਰੈਕਟਰ ਗੁਰਦਵਾਰਾ ਸਾਹਿਬ ਖੜਾ ਕਰਕੇ ਖੇਤਾਂ ਦੇ ਰਾਖੇ ਨੂੰ ਕਿਸਾਨ ਘੋਲ ਨੂੰ ਸਮਰਪਿਤ ਕਰ ਦਿੱਤਾ ਸੀ।
ਆਪਣੇ ਆਪ ਨੂੰ ਨੂੰ ਕਿਸਾਨ ਘੋਲਦੇ ਕੁੱਲਵਕਤੀ ਕਾਮੇ ਵਜੋਂ ਸਮਰਪਿਤ ਕਰ ਦਿੱਤਾ ਸੀ। ਇਸ ਤਰ੍ਹਾਂ ਦਾ ਹੌਸਲਾ ਅਤੇ ਦ੍ਰਿੜ੍ਹ ਇਰਾਦਾ ਸੀ ਖੁਸ਼ਪਾਲ ਸਿੰਘ ਕਲਾਲਮਾਜਰਾ ਦਾ ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਜ਼ਿੰਦਗੀ ਦਾ ਸਮਾਂ ਜਥੇਬੰਦੀ ਦਾ ਬਹਾਦਰ ਸਿਪਾਹੀ ਖੁਸ਼ਪਾਲ ਸਿੰਘ ਆਪਣੀ ਕਿਸਾਨ ਜਥੇਬੰਦੀ ਭਾਕਿਯੂ ਏਕਤਾ (ਡਕੌਂਦਾ) ਦੇ ਲੇਖੇ ਲਾਉਣ ਬਾਰੇ ਆਪਣੀ ਗੱਲ ਲੁਕਾਉਂਦਾ ਨਹੀਂ ਸੀ, ਸਗੋਂ ਹਰ ਸਮੇਂ, ਹਰ ਗਲੀ ਮੁਹੱਲੇ ਬੇਬਾਕ ਹੋਕੇ ਕਿਸਾਨ ਸੰਘਰਸ਼ ਦੀ ਬਾਤ ਪਾਕੇ ਸੰਘਰਸ਼ ਲਈ ਹਰ ਇੱਕ ਨੂੰ ਪ੍ਰੇਰਦਾ ਰਹਿੰਦਾ ਸੀ। ਖੁਸ਼ਪਾਲ ਸਿੰਘ ਦਾ ਬੇਵਕਤੀ ਚਲੇ ਜਾਣਾ ਪਰਿਵਾਰ ਸਮੇਤ ਕਿਸਾਨ ਲਹਿਰ ਖਾਸ ਕਰ ਭਾਕਿਯੂ ਏਕਤਾ (ਡਕੌਂਦਾ) ਲਈ ਵੱਡਾ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਜ਼ਿਲ੍ਹਾ ਆਗੂ ਗੁਰਦੇਵ ਸਿੰਘ ਮਾਂਗੇਵਾਲ ਨੇ ਕਿਹਾ ਕਿ ਖੁਸ਼ਪਾਲ ਸਿੰਘ ਦੇ ਕਿਸਾਨ ਮੋਰਚੇ ਨੂੰ ਸਫ਼ਲ ਬਣਾਉਣ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਕਿਉਂਕਿ ਕਿਸਾਨ ਆਗੂ ਖੁਸ਼ਪਾਲ ਸਿੰਘ ਕਲਾਲਮਾਜਰਾ ਨੇ ਪਗੜੀ ਸੰਭਾਲ ਜੱਟਾ ਲਹਿਰ ਦੀ ਜੁਝਾਰੂ ਵਿਰਾਸਤ ਨੂੰ ਅੱਗੇ ਤੋਰਿਆ ਹੈ।ਇਸ ਸਮੇਂ ਆਗੂਆਂ ਸਤਨਾਮ ਸਿੰਘ ਮੂੰਮ, ਸੁਖਵਿੰਦਰ ਸਿੰਘ ਕਲਾਲਮਾਜਰਾ, ਕਰਮਜੀਤ ਸਿੰਘ, ਕੁਲਦੀਪ ਸਿੰਘ, ਸੱਤਪਾਲ ਸਿੰਘ ਸਹਿਜੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ। ਭਾਕਿਯੂ ਏਕਤਾ (ਡਕੌਂਦਾ) ਵੱਲੋਂ ਕਿਸਾਨ ਆਗੂ ਖੁਸ਼ਪਾਲ ਦੇ ਬੇਟਿਆਂ ਗੁਰਸੇਵਕ ਸਿੰਘ ਅਤੇ ਗੁਰਦੀਪ ਸਿੰਘ ਨੂੰ ਸਿਰੋਪਾਓ ਤੇ ਬੈਜ ਲਗਾਕੇ ਸਨਮਾਨਿਤ ਕੀਤਾ ਗਿਆ। ਬੁਲਾਰੇ ਆਗੂਆਂ ਨੇ ਐੱਸਕੇਐੱਮ ਵੱਲੋਂ ਪਾਰਲੀਮਾਨੀ ਚੋਣਾਂ ਵਿੱਚ ਭਾਜਪਾ ਦੇ ਨੁਮਾਇੰਦਿਆਂ ਨੂੰ 11 ਨੁਕਾਤੀ ਸੁਆਲਨਾਮੇ ਤਹਿਤ ਉਨ੍ਹਾਂ ਨੂੰ ਸੱਥਾਂ ਵਿੱਚ ਲਾਜਵਾਬ ਕਰਨ ਦੀਆਂ ਜੋਰਦਾਰ ਤਿਆਰੀਆਂ ਵਿੱਚ ਜੁੱਟ ਜਾਣ ਅਤੇ ਪਿੰਡ ਨਿਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।