ਜਗਰਾਉਂ, 29 ਅਪ੍ਰੈਲ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਦੌਰਾਨ ਪੰਜ ਪੇਟੀਆਂ (60 ਬੋਤਲਾਂ) ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਜਦਕਿ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਉਸ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿਖੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਲਈ ਟੀ ਪੁਆਇੰਟ ਸਿੱਧਵਾਂ ਖੁਰਦ ਲੁਧਿਆਣਾ ਫਿਰੋਜ਼ਪੁਰ ਰੋਡ ’ਤੇ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਬੂਟਾ ਸਿੰਘ ਉਰਫ ਹਰਮਨ ਵਾਸੀ ਸਿੱਧਵਾਂ ਕਲਾਂ ਬਾਹਰਲੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦਾ ਹੈ। ਉਹ ਆਪਣੇ ਗ੍ਰਾਹਕਾਂ ਨੂੰ ਹਰਿਆਣਾ ਮਾਰਕਾ ਦੀ ਸ਼ਰਾਬ ਸਪਲਾਈ ਕਰਨ ਲਈ ਸਿੱਧਵਾਂ ਕਲਾ ਦੇ ਟੀ ਪੁਆਇੰਟ ਤੋਂ ਸਲੀਪਰ ਰੋਡ ’ਤੇ ਸਿੱਧੂ ਸਰਵਿਸ ਸਟੇਸ਼ਨ ਦੇ ਸਾਹਮਣੇ ਮੋਟਰਸਾਈਕਲ ਲੈ ਕੇ ਖੜ੍ਹਾ ਹੈ। ਇਸ ਸੂਚਨਾ ’ਤੇ ਜਦੋਂ ਪੁਲਸ ਪਾਰਟੀ ਨੇ ਛਾਪੇਮਾਰੀ ਕੀਤੀ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਬੂਟਾ ਸਿੰਘ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ ਅਤੇ ਉਥੋਂ ਪੁਲਸ ਨੇ 60 ਬੋਤਲਾਂ ਸ਼ਰਾਬ ਮਾਰਕਾ ਕਲੱਬ ਸੇਲ ਫਾਰ ਹਰਿਆਣਾ ਅਤੇ ਇਕ ਸੀ.ਟੀ.100 ਮੋਟਰਸਾਈਕਲ ਬਰਾਮਦ ਕੀਤਾ।