ਜਗਰਾਉਂ 1 ਮਈ ( ਭਗਵਾਨ ਭੰਗੂ, ਜਗਰੂਪ ਸੋਹੀ )- ਬੀ.ਜੇ.ਪੀ.ਵਿਚ ਗਏ ਸਤੀਸ ਪੱਪੂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ। ਸਤੀਸ਼ ਪੱਪੂ ਅਕਤੂਬਰ 2022 ਤੋਂ ਹੀ ਆਮ ਆਦਮੀ ਪਾਰਟੀ ਦੇ ਸਮੱਰਥਕ ਬਣ ਗਿਆ ਸੀ । ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਇਸ਼ਟਪ੍ਰੀਤ ਅਤੇ ਯੂਥ ਆਗੂ ਦੀਪਇੰਦਰ ਸਿੰਘ ਭੰਡਾਰੀ ਨੇ ਅਪਣੀ ਪ੍ਰਤੀਕਿਰਿਆ ਜਾਹਿਰ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਸਤੀਸ਼ ਕੁਮਾਰ ਪੱਪੂ ਨੂੰ ਸ਼੍ਰੋਮਣੀ ਅਕਾਲੀ ਵਿਚ ਹੁੰਦਿਆਂ ਉਸ ਵੇਲੇ ਦੇ ਵਿਧਾਇਕ ਐਸ ਆਰ ਕਲੇਰ ਨੇ ਨਗਰ ਕੌਂਸਲ ਪ੍ਰਧਾਨ ਥਾਪਿਆ ਸੀ, ਪ੍ਰੰਤੂ ਪੱਪੂ ਸੱਤਾ ਦਾ ਸੁੱਖ ਮਾਨਣ ਉਪਰੰਤ ਆਮ ਆਦਮੀ ਪਾਰਟੀ ਵਿਚ ਨਾਲ ਮਿਲ ਗਏ ਅਤੇ ਉਸ ਸਮੇਂ ਤੋਂ ਅਕਾਲੀ ਦਲ ਨਾਲ ੳਹਨਾਂ ਦਾ ਕੋਈ ਸਬੰਧ ਨਹੀ ਰਿਹਾ। ਆਗੂਆਂ ਨੇ ਕਿਹਾ ਕਿ ਉਨਾਂ ਨੂੰ ਉਸ ਵੇਲੇ ਹੈਰਾਨੀ ਦੀ ਹੱਦ ਨਾਂ ਰਹੀ ਜਦੋਂ ੳਨਾਂ ਸਤੀਸ਼ ਕੁਮਾਰ ਪੱਪੂ ਦੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦੀ ਖਬਰ ਪੜ੍ਹੀ।ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਸਤੀਸ਼ ਕੁਮਾਰ ਪੱਪੂ ਨੂੰ ਕਦੋਂ ਦਾ ਭੁਲਾ ਦਿੱਤਾ ਹੈ। ੳਨਾਂ ਕਿਹਾ ਕਿ ਪੱਪੂ ਦੇ ਜਾਣ ਨਾਲ ਸ਼੍ਰੋਮਣੀ ਅਕਾਲੀ ਨੂੰ ਕੋਈ ਫ਼ਰਕ ਨਹੀ ਪਿਆ ਅਤੇ ਪੱਪੂ ਹੁਣ ਆਪ ਦੀ ਡੁੱਬਦੀ ਬੇੜੀ ‘ਚੋੰ ਛਾਲ ਮਾਰਨ ਲਈ ਆਪ ਦਾ ਨਾ ਲੈਣਾਂ ਵੀ ਆਪਣੀ ਤੌਹੀਨ ਸਮਝਦੇ ਹਨ। ਆਗੂਆਂ ਨੇ ਕਿਹਾ ਕਿ ਪੱਪੂ ਸਮਝ ਲਵੇ ਕਿ ਆਪਣੇ ਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਜੋੜਨ ਨਾਲ ਪੱਪੂ ਦਾ ਗੁਆਚਿਆ ਹੋਇਆ ਰਸੂਖ ਕਦੇ ਵੀ ਵਾਪਿਸ ਨਹੀ ਆਵੇਗਾ। ੳਹਨਾਂ ਕਿਹਾ ਕਿ ਪੱਪੂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਆਪਣਾ ਨਾਂ ਜੋੜ ਕੇ ਇਹ ਤਾਂ ਸਾਬਿਤ ਕਰ ਦਿੱਤਾ ਹੈ ਕਿ ਪੱਪੂ ਦੀ ਆਮ ਆਦਮੀ ਪਾਰਟੀ ਹੁਣ ਆਪਣਾਂ ਅਕਸ ਗੁਆ ਬੈਠੀ ਹੈ । ਲੋਕ ਹੁਣ ਆਮ ਆਦਮੀ ਪਾਰਟੀ ਦਾ ਨਾਂ ਲੈਣਾ ਵੀ ਪਸੰਦ ਨਹੀ ਕਰਦੇ । ਆਗੂਆਂ ਨੇ ਚੂੰਢੀ ਵੱਢਦਿਆਂ ਪੱਪੂ ਨੂੰ ਤੀਜੀ ਪਾਰਟੀ ਦੀ ਮੁਬਾਰਕਬਾਦ ਦਿੱਤੀ ਹੈ।