ਜਗਰਾਓਂ, 6 ਮਈ ( ਜਗਰੂਪ ਸੋਹੀ )- ਸਕੂਟਰੀ ’ਤੇ ਡਿਊਟੀ ਤੋਂ ਘਰ ਜਾ ਰਹੀ ਔਰਤ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਘੇਰ ਕੇ ਲੁੱਟ ਲਿਆ। ਇਸ ਸਬੰਧੀ ਮਹਿਲਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸਿਟੀ ਰਾਏਕੋਟ ਤੋਂ ਏ.ਐਸ.ਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਕੌਰ ਵਾਸੀ ਪਿੰਡ ਸੱਦੋਵਾਲ, ਥਾਣਾ ਟੱਲੇਵਾਲ , ਜ਼ਿਲ੍ਹਾ ਬਰਨਾਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਆਪਣੀ ਡਿਊਟੀ ਤੋਂ ਵਾਪਿਸ ਲੁਧਿਆਣਾ ਤੋਂ ਬੱਸ ਰਾਹੀਂ ਰਾਏਕੋਟ ਪਹੁੰਚੀ ਅਤੇ ਇੱਥੋਂ ਸੰਤ ਸਾਈਕਲ ਸਟੈਂਡ ਤੋਂ ਅਪਣੀ ਸਕੂਟੀ ਲੈ ਕੇ ਉਹ ਰਾਏਕੋਟ ਤੋਂ ਆਪਣੇ ਪਿੰਡ ਸੱਦੋਵਾਲ ਜਾ ਰਹੀ ਸੀ। ਸ਼ਾਮ ਨੂੰ ਜਦੋਂ ਉਹ ਵਿਵਾਕੈਮ ਫੈਕਟਰੀ ਨੇੜੇ ਪਹੁੰਚੀ ਤਾਂ ਪਿੱਛੇ ਤੋਂ ਮੋਟਰਸਾਈਕਲ ’ਤੇ ਦੋ ਅਣਪਛਾਤੇ ਲੜਕੇ ਆਏ। ਉਨ੍ਹਾਂ ਨੇ ਆਪਣਾ ਮੋਟਰਸਾਈਕਲ ਮੇਰੀ ਸਕੂਟਰੀ ਦੇ ਅੱਗੇ ਲਗਾ ਕੇ ਮੈਨੂੰ ਘੇਰ ਲਿਆ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਉੱਤਰ ਕੇ ਮੇਰੇ ਗਲੇ ਵਿਚ ਪਾਈ ਦੋ ਤੋਲੇ ਸੋਨੇ ਦੀ ਚੇਨ ਝਪਟ ਲਈ ਅਤੇ ਮੇਰਾ ਪਰਸ ਜਿਸ ਵਿਚ 10 ਹਜ਼ਾਰ ਰੁਪਏ ਦੀ ਨਕਦੀ, ਮੋਬਾਈਲ ਫੋਨ ਅਤੇ ਜ਼ਰੂਰੀ ਦਸਤਾਵੇਜ਼ ਸਨ, ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਗਗਨਦੀਪ ਕੌਰ ਦੇ ਬਿਆਨਾਂ ’ਤੇ ਥਾਣਾ ਰਾਏਕੋਟ ਵਿੱਚ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।