ਜਨਤਾ ਦੇ ਪੈਸੇ ਦੀ ਬੇਰਹਿਮੀ ਨਾਲ ਲੁੱਟ ਦਾ ਜ਼ਿੰਮੇਵਾਰ ਕੌਣ ?
ਪੰਜਾਬ ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਰ ਰਾਜਾਂ ਵਿੱਚੋਂ ਇੱਕ ਹੈ। ਜਿੱਥੇ ਲੰਬੇ ਸਮੇਂ ਤੋਂ ਕੀਤੇ ਪੰਜਾਬ ਦੇ ਜਿੰਮੇ ਭਾਰੀ ਕਰਜ ਦੀ ਪੰਡ ਦੀ ਕਿਸ਼ਤ ਦਾ ਵਿਆਜ ਮੋੜਣ ਲਈ ਵੀ ਹੋਰ ਵਿਆਜ ਲੈਣਾ ਪੈਂਦਾ ਹੈ। ਜਦੋਂ ਕਿਤੇ ਪੰਜਾਬ ਸਿਰ ਇਸ ਵੱਡੀ ਕਰਜ਼ ਦੀ ਪੰਡ ਬਾਰੇ ਚਰਚਾ ਹੁੰਦੀ ਹੈ ਤਾਂ ਸਭ ਰਾਜਨਾਤਿਕ ਪਾਰਟੀਆਂ ਪੰਜਾਬ ਨੂੰ ਕਰਜਾ ਮੁਕਤ ਕਰਨ ਲਈ ਖੁਦ ਨੂੰ ਭਾਰੀ ਫਿਕਰਮੰਦ ਦਰਸਾਉਣ ਲਈ ਰਾਜ ਵਿਚ ਵੀਆਈਪੀ ਕਲਚਰ ਨੂੰ ਘਟਾਉਣ ਅਤੇ ਵਾਧੂ ਖਰਚ ਨੂੰ ਬੰਦ ਕਰਨ ਦੇ ਦਾਅਵੇ ਕਰਦੀਆਂ ਹਨ। ਪਰ ਹੁਣ ਤੱਕ ਇਹ ਸਭ ਸਟੇਜਾਂ ਤੋਂ ਭਾਸ਼ਣਾਂ ਅਤੇ ਅਖਬਾਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਤ ਰਿਹਾ ਹੈ ਅਤੇ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਨੂੰ ਰਾਜਨੀਤਿਕ ਲੋਕ ਕਿਸ ਤਰ੍ਹਾਂ ਵਹਾਉਂਦੇ ਹਨ। ਸਾਡੀਆਂ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਇਸ ਪ੍ਰਤੀ ਕਿੰਨੇ ਜਿੰਮੇਵਾਰ ਅਤੇ ਫਿਕਰਮੰਦ ਹਨ ਇਸਦਾ ਖੁਲਾਸਾ ਪਿਛਲੇ ਸਮੇਂ ਵਿਚ ਇਕ ਆਰ.ਟੀ.ਆਈ ਰਾਹੀਂ ਮੰਗੀ ਗਈ ਜਾਣਕਾਰੀ ਵਿਚ ਹੋਇਆ। ਜਿਸ ਵਿਚ ਕਾਂਗਰਸ ਸਰਕਾਰ ਦੇ ਪੰਜਾਬ ਵਿਚ ਸਰਕਾਰ ਦੇ ਆਖਰੀ ਸਮੇਂ ਅਤੇ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਦੇ ਸਮੇਂ ਵਿਚ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਭਗਵੰਤ ਮਾਨ ਦਾ ਪੰਜਾਬ ਵਿੱਚ ਬਤੌਰ ਮੁੱਖ ਮੰਤਰੀ ਦਾ ਕਾਰਜਕਾਲ ਰਿਹਾ ਹੈ। ਉਸ ਸਾਲ ਵਿੱਚ ਵੱਖ-ਵੱਖ ਮੀਟਿੰਗਾਂ ਵਿੱਚ ਵਿਧਾਇਕਾਂ, ਮੰਤਰੀਆਂ ਅਤੇ ਅਫਸਰਸ਼ਾਹੀ ਲਈ ਪੰਜ ਤਾਰਾ ਹੋਟਲਾਂ ਤੋਂ ਸ਼ਾਹੀ ਭੋਜਨ ਮੰਗਵਾ ਕੇ ਖਜ਼ਾਨੇ ਵਿੱਚੋਂ ਇਕ ਕਰੋੜ 90 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਇਸ ਵਿੱਚ ਅਪ੍ਰੈਲ 2021 ਤੋਂ ਮਾਰਚ 2022 ਤੱਕ ਦਾ ਵੇਰਵਾ ਜਨਤਕ ਹੋਇਆ ਸੀ। ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕਾਰਜਕਾਲ ( ਅਪ੍ਰੈਲ 2021 ਤੋਂ 18 ਸਤੰਬਰ 2021 ਤੱਕ ) ਦੌਰਾਨ 5 ਲੱਖ 34 ਹਜਾਰ ਰੁਪਏ ਦਾ ਸ਼ਾਹੀ ਭੋਜਨ, ਫਿਰ 21 ਸਤੰਬਰ 2021 ਤੋਂ 28 ਫਰਵਰੀ 2022 ਤੱਕ ਕਾਂਗਰਸ ਦੇ ਗਰੀਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਵਿਚ ਪੰਜ ਤਾਰਾ ਹੋਟਲਾਂ ਤੋਂ ਆਏ ਸ਼ਾਹੀ ਭੋਜ ਦਾ ਖਰਚ 50 ਲੱਖ 7 ਹਜਾਰ ਰੁਪਏ ਅਤੇ ਉਸ ਤੋਂ ਬਾਅਦ 31 ਮਾਰਚ 2022 ਤੱਕ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਜਕਾਲ ਦੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਲਈ 4 ਲੱਖ 79 ਹਜ਼ਾਰ ਰੁਪਏ ਦੇ ਖਾਣੇ ਦੇ ਆਰਡਰ ਕੀਤੇ ਗਏ ਸਨ। ਚਰਨਜੀਤ ਸਿੰਘ ਚੰਨੀ ਸਾਹਿਬ ਦੀ ਸਰਕਾਰ ਸਮੇਂ ਤਾਂ ਉਨ੍ਹਾਂ ਵਲੋਂ ਬਤੌਰ ਮੁੱਖ ਮੰਤਰੀ 150 ਰੁਪਏ ਪ੍ਰਤੀ ਬੋਤਲ ਪਾਣੀ ਹਿਮਾਚਲ ਪ੍ਰਦੇਸ਼ ਤੋਂ ਮੰਗਵਾਉਣ ਦੀ ਵੀ ਖੂਬ ਚਰਚਾ ਰਹੀ। ਲੋਕਾਂ ਤੋਂ ਟੈਕਸ ਅਤੇ ਹੋਰ ਰੂਪਾਂ ਦੀ ਵਸੂਲੀ ਕਰਕੇ ਖਜ਼ਾਨੇ ਦੀ ਇਸ ਤਰ੍ਹਾਂ ਨਾਲ ਲੁੱਟ ਕੀਤੀ ਜਾ ਰਹੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਵੱਲੋਂ ਇੱਕ ਸਾਧਾਰਨ ਅਤੇ ਗਰੀਬ ਮੁੱਖ ਮੰਤਰੀ ਵਜੋਂ ਖੂਬ ਪ੍ਰਚਾਰਿਤ ਕੀਤਾ ਗਿਆ ਸੀ ਪਰ ਜਦੋਂ ਉਨ੍ਹਾਂ ਦੇ ਪੁੱਤਰ ਦੀ ਸ਼ਾਦੀ ਹੋਈ ਸੀ ਤਾਂ ਉਨ੍ਹਾਂ ਨੇ ਗੁਰੂਦੁਆਰਾ ਸਾਹਿਬ ਵਿੱਚ ਇੱਕ ਪੰਕਤੀ ਵਿਚ ਸੰਗਤ ਨਾਲ ਬੈਠ ਤੇ ਆਪਣੇ ਪਰਿਵਾਰ ਸਮੇਤ ਲੰਗਰ ਛਕਿਆ ਸੀ, ਜਿਸਦੀ ਦੀ ਫੋਟੋ ਅਤੇ ਵੀਡੀਓ ਖੂਬ ਵਾਇਰਲ ਹੋਈ ਸੀ। ਉਸਤੋਂ ਕੁਝ ਦਿਨਾਂ ਬਾਅਦ ਉਸਦੇ ਬੇਟੇ ਦੇ ਵਿਆਹ ਦੀ ਰਿਸੈਪਸ਼ਨ ਦੀ ਵੀ ਕਾਫੀ ਚਰਚਾ ਹੋਈ ਸੀ। ਕਾਂਗਰਸ ਦਾ ਇਹੀ ਦੋਹਰਾ ਚਿਹਰਾ ਚੋਣਾਂ ਸਮੇਂ ਉਨ੍ਹਾਂ ਨੂੰ ਬਹੁਤ ਭਾਰੀ ਪੈ ਗਿਆ। ਜਿਥੇ ਬਤੌਰ ਮੁੱਥਖ ਮੰਤਰੀ ਚੰਨੀ ਦੋ ਸੀਟਾਂ ਤੋਂ ਹਾਰੇ ਉਥੇ ਕਾਂਗਰਸ ਦਾ ਵੀ ਭੋਗ ਪੈ ਗਿਆ। ਇਹ ਸਾਰੀਆਂ ਗੱਲਾਂ ਨੂੰ ਦੁਹਰਾਉਣ ਦਾ ਸਾਡਾ ਮਕਸਦ ਇਹ ਹੈ ਕਿ ਜਿੰਨ੍ਹਾਂ ਗੱਲਾਂ ਅਤੇ ਦਾਅਵਿਆਂ ਨੂੰ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨਕਾਰਿਆ ਕਰਦੀ ਸੀ ਹੁਣ ਉਨ੍ਹਾਂ ਸਾਰੇ ਹੀ ਨਕਸ਼ੇ ਕਦਮ ਤੇ ਮੌਜੂਦਾ ਮਾਨ ਸਰਕਾਰ ਚੱਲ ਰਹੀ ਹੈ। ਪੰਜਾਬ ਵਿਚ ਕਰਜ਼ ਦੀ ਪੰਡ ਘਟਣ ਦੀ ਬਜਾਏ ਪਹਿਲਾਂ ਨਾਲੋਂ ਹੋਰ ਵੱਡੀ ਹੁੰਦੀ ਜਾ ਰਹੀ ਹੈ। ਭਗਵੰਤ ਮਾਨ ਸਰਕਾਰ ਭਾਵੇਂ ਵੀਆਈਪੀ ਕਲਚਰ ਅਤੇ ਵਾਧੂ ਖਰਚਿਆਂ ਨੂੰ ਕੰਟਰੋਲ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਅਸਲ ’ਚ ਭਗਵੰਤ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਨਕਸ਼ੇ ਕਦਮ ’ਤੇ ਚੱਲ ਰਹੀ ਹੈ। ਸਰਕਾਰ ਵੱਲੋਂ ਵੀ ਦੂਸਰੀਆਂ ਸਰਕਾਰਾਂ ਦੇ ਵੀਆਈਪੀ ਕਲਚਰ ਨੂੰ ਅਪਣਾਇਆ ਗਿਆ ਹੈ। ਹੈਰਾਨੀਜਨਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਸਰਕਾਰ ਦੇ ਵਿਧਾਇਕ ਪਾਸ ਤਾਂ ਪਹਿਲਾਂ ਹੀ ਗੰਨਮੈਨਾਂ ਦੀ ਭਰਮਾਰ ਨਜ਼ਰ ਆਉਂਦੀ ਹੈ ਹੁਣ ਉਸਤੋਂ ਵੀ ਅੱਗੇ ਕਦਮ ਵਧਾਉਂਦੇ ਹੋਏ ਹਲਕਾ ਵਿਧਾਇਕਾਂ ਵਲੋਂ ਆਪਣੀ ਪਾਰਟੀ ਦੇ ਨਗਰ ਕੌਂਸਲਾਂ ਦੇ ਪ੍ਰਧਾਣ ਬਣਾ ਕੇ ਉਨ੍ਹਾਂ ਨੂੰ ਹੀ ਚਾਰ-ਚਾਰ ਗੰਨਮੈਨ ਦਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਮਾਮਲੇ ਹਨ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ, ਅਕਾਲੀ-ਭਾਜਪਾ ਦੀ ਸਰਕਾਰ ਵਿੱਚ ਕੋਈ ਫਰਕ ਨਹੀਂ ਦਿਖਾਈ ਦੇ ਰਿਹਾ ਹੈ। ਬਲਕਿ ਗੰਨਮੈਨ ਅਤੇ ਗੱਡੀਆ ਦੇ ਕਾਫਲੇ ਲੈ ਕੇ ਚੱਲਣ ਵਿਚ ਤਾਂ ਆਮ ਆਦਮੀ ਪਾਰਟੀ ਨੇ ਦੂਸਰੀਆਂ ਪਾਰਟੀਆਂ ਦੇ ਵੀਆਈਪੀ ਕਲਚਰ ਨੂੰ ਵੀ ਪਿੱਛੇ ਛੱਡ ਦਿਤਾ ਹੈ ਜਦੋਂ ਕਿ ਵਾਅਦਾ ਅਤੇ ਦਾਅਵਾ ਇਹ ਸੀ ਕਿ ਆਪ ਸਰਕਾਰ ਬਣੀ ਤਾਂ ਵੀਆਈਪੀ ਕਲਚਰ ਖਤਮ ਕਰ ਦਿਤਾ ਜਾਵੇਗਾ। ਪਰ ਇਥੇ ਤਾਂ ਉਲਟਾ ਨਗਰ ਕੌਂਸਲਾਂ ਦੇ ਪ੍ਰਧਾਨਾਂ ਨੂੰ ਵੀ ਚਾਰ ਚਾਰ ਗੰਨਮੈਨ ਦੇ ਕੇ ਨਵਾਜਿਆ ਜਾ ਰਿਹਾ ਹੈ। ਸਰਕਾਰ ਦੀਆਂ ਅਜਹੀਆ ਗਲਤੀਆਂ ਕਾਰਨ ਪੰਜਾਬ ਦੇ ਸਿਰ ’ਤੇ ਕਰਜ਼ੇ ਦੀ ਪੰਡ ਲਗਾਤਾਰ ਵਧਦੀ ਜਾ ਰਹੀ ਹੈ। ਇਸ ਲਈ ਸਿਰਫ਼ ਬਿਆਨਬਾਜ਼ੀ ਨਾਲ ਹਾਲਾਤ ਸੁਧਰਨ ਵਾਲੇ ਨਹੀਂ ਹਨ। ਸੂਬੇ ਦੇ ਹਿੱਤਾਂ ਲਈ ਕੰਮ ਕਰਨ ਦੀ ਲੋੜ ਹੈ। ਪਹਿਲੀਆਂ ਸਰਾਕਰਾਂ ਦੇ ਨਕਸ਼ੇ ’ਤੇ ਚੱਲਣ ਦੀ ਬਜਾਏ ਆਪ ਸਰਕਾਰ ਵੱਖਰੀ ਪਹਿਚਾਣ ਕਾਇਮ ਕਰੇ, ਜਿਸ ਆਸ ਨੂੰ ਲੈ ਕੇ ਪੰਜਾਬ ਨਿਵਾਸੀਆਂ ਨੇ ਭਾਰੀ ਬਹੁਮਤ ਨਾਲ ਜਿਤਾ ਕੇ ਸੱਤਾ ਸੰਭਾਲੀ ਹੈ। ਇਸ ਸਮੇਂ ਵੀ ਭ੍ਰਿਸ਼ਟਾਚਾਰ ਪਹਿਲਾਂ ਵਾਂਗ ਚਰਮ ਸੀਮਾ ’ਤੇ ਹੈ। ਰੇਤ ਮਾਫੀਆ, ਸ਼ਰਾਬ ਮਾਫੀਆ ਅਤੇ ਨਸ਼ੇ ਸੂਬੇ ਦੀ ਖੁਸ਼ਹਾਲੀ ਨੂੰ ਖੋਖਲਾ ਕਰ ਰਹੇ ਹਨ। ਸਰਕਾਰ ਦੇ ਮੰਤਰੀ ਰੋਜ਼ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹਨ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਜ਼ਮੀਨੀ ਪੱਧਰ ’ਤੇ ਕੀ ਹੋ ਰਿਹਾ ਹੈ, ਇਸ ਬਾਰੇ ਹੇਠਲੇ ਪੱਧਰ ਤੋਂ ਜਾਣਕਾਰੀ ਹਾਸਲ ਕਰਨ। ਜੇਕਰ ਬਦਲਾਅ ਦੇ ਨਾਂ ’ਤੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਸੱਚਮੁੱਚ ਸੂਬੇ ’ਚ ਬਦਲਾਅ ਲਿਆਉਣਾ ਚਾਹੁੰਦੀ ਹੈ ਅਤੇ ਆਪਣਾ ਵੱਖਰਾ ਅਕਸ ਬਣਾਉਣਾ ਚਾਹੁੰਦੀ ਹੈ ਤਾਂ ਅਤੇ ਦੂਸਰੀਆਂ ਰਾਜਨੀਤਿਕ ਪਾਰਟੀਆਂ ਤੋਂ ਆਪਣੇ ਆਪ ਨੂੰ ਵੱਖ ਰੱਖਣ ਲਈ ਜ਼ਮੀਨੀ ਪੱਧਰ ’ਤੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਣਾ ਹੋਵੇਗਾ ਤਾਂ ਜੋ ਸੂਬੇ ਦੇ ਸਿਰ ’ਤੇ ਪਏ ਭਾਰੀ ਬੋਝ ਨੂੰ ਹਲਕਾ ਕੀਤਾ ਜਾ ਸਕੇ।
ਹਰਵਿੰਦਰ ਸਿੰਘ ਸੱਗੂ ।