ਹਠੂਰ, 16 ਮਈ ( ਅਸ਼ਵਨੀ)-ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਇੰਚਾਰਜ ਸੀ ਐੱਚ ਸੀ ਹਠੂਰ ਡਾਕਟਰ ਵਰੁਨ ਸੱਗੜ ਦੀ ਅਗਵਾਈ ਵਿੱਚ ਹਠੂਰ ਵਿਖੇ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ। ਇਸ ਕੈਂਪ ਵਿੱਚ ਪ੍ਰਕਾਸ਼ ਸਿੰਘ ਸਿਹਤ ਸੁਪਰਵਾਈਜ਼ਰ ਨੇ ਇਹ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦੇ ਹਨ ਅਤੇ ਇਹ ਮੱਛਰ ਸਾਫ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਦਿਨ ਵੇਲੇ ਕੱਟਦੇ ਹਨ । ਡੇਂਗੂ ਦੇ ਲੱਛਣ ਜਿਵੇਂ ਕਿ ਤੇਜ ਬੁਖ਼ਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ ,ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਵਿੱਚੋਂ ਅਤੇ ਨੱਕ ਵਿੱਚੋਂ ਖ਼ੂਨ ਦਾ ਵਗਣਾ ਹੈ। ਇਸਦੇ ਬਚਾਓ ਵਾਸਤੇ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਸਾਫ ਕਰੋ। ਕੱਪੜੇ ਅਜਿਹੇ ਪਹਿਨੋ ਜਿਸ ਨਾਲ ਪੂਰਾ ਸਰੀਰ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ। ਸੌਂਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਬੁਖ਼ਾਰ ਹੋਣ ਤੇ ਐਸਪਰੀਨ, ਬਰੂਫਿਨ ਨਾ ਲਓ । ਬੁਖ਼ਾਰ ਹੋਣ ਤੇ ਸਿਰਫ਼ ਪੈਰਾਸਿਟਾਮੋਲ ਦੀ ਗੋਲੀ ਡਾਕਟਰ ਦੀ ਸਲਾਹ ਨਾਲ ਹੀ ਲਵੋ। ਛੱਤਾਂ ਤੇ ਰੱਖੀਆਂ ਪਾਣੀ ਵਾਲੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਰੱਖੋ , ਟੁੱਟੇ ਬਰਤਨਾਂ, ਡਰੰਮਾ ਅਤੇ ਟਾਇਰਾਂ ਨੂੰ ਖੁੱਲੇ ਵਿੱਚ ਨਾ ਰੱਖੋ । ਪਾਣੀ ਜਾਂ ਤਰਲ ਚੀਜ਼ਾਂ ਜ਼ਿਆਦਾ ਪੀਓ ਅਤੇ ਅਰਾਮ ਕਰੋ । ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਹਫ਼ਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ । ਹਰੇਕ ਸ਼ੁੱਕਰਵਾਰ ਨੂੰ ਕੂਲਰਾਂ, ਗਮਲਿਆਂ ,ਫਰਿੱਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਭਾਂਡਿਆਂ ਨੂੰ ਸਾਫ਼ ਅਤੇ ਸੁੱਕਾ ਰੱਖਿਆ ਜਾਵੇ । ਡੇਂਗੂ, ਚਿਕਨਗੁਨੀਆ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਕੈਂਪ ਵਿੱਚ ਪ੍ਰਕਾਸ਼ ਸਿੰਘ ਸਿਹਤ ਸੁਪਰਵਾਈਜ਼ਰ, ਹਰਪਾਲ ਸਿੰਘ ਮਲਟੀਪਰਪਜ ਹੈਲਥ ਵਰਕਰ ਮੇਲ ਅਤੇ ਵੱਖ ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।