Home Punjab ਜਰੂਰੀ ਸੇਵਾਵਾਂ ਸ਼੍ਰੇਣੀ ‘ਚ ਸ਼ਾਮਲ ਵਿਭਾਗਾਂ ਦੇ ਸਟਾਫ਼ ਤੇ ਮਾਨਤਾ ਪ੍ਰਾਪਤ ਪੱਤਰਕਾਰਾਂ...

ਜਰੂਰੀ ਸੇਵਾਵਾਂ ਸ਼੍ਰੇਣੀ ‘ਚ ਸ਼ਾਮਲ ਵਿਭਾਗਾਂ ਦੇ ਸਟਾਫ਼ ਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੇ ਪੋਸਟਲ ਬੈਲੇਟ ਪੇਪਰ ਜਰੀਏ ਉਤਸ਼ਾਹ ਨਾਲ ਪਾਈਆਂ ਵੋਟਾਂ

25
0


ਪਟਿਆਲਾ, 24 ਮਈ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) – ਭਾਰਤੀ ਚੋਣ ਕਮਿਸ਼ਨ ਵੱਲੋਂ ਹਰ ਇੱਕ ਵੋਟ ਨੂੰ ਕੀਮਤੀ ਜਾਣਦੇ ਹੋਏ ਹਰੇਕ ਯੋਗ ਵੋਟਰ ਦੀ ਵੋਟ ਪੁਆਉਣੀ ਯਕੀਨੀ ਬਣਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਜਰੂਰੀ ਸੇਵਾਵਾਂ ਸ਼੍ਰੇਣੀ ‘ਚ ਸ਼ਾਮਲ ਵਿਭਾਗਾਂ ਦੇ ਸਟਾਫ਼ ਅਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪੋਸਟਲ ਬੈਲੇਟ ਪੇਪਰ ਜਰੀਏ ਵੋਟਾਂ ਪਾਉਣ ਦੀ ਦਿੱਤੀ ਸਹੂਲਤ ਦਾ ਲਾਭ ਉਠਾਉਂਦਿਆਂ ਅੱਜ ਪੱਤਰਕਾਰਾਂ ਅਤੇ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਨੇ ਉਤਸ਼ਾਹ ਨਾਲ ਆਪਣੀਆਂ ਵੋਟਾਂ ਪਾਈਆਂ।ਇਸ ਵਾਰੇ ਵਧੇਰੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਪੋਸਟਲ ਬੈਲਟ ਰਾਹੀਂ ਦਿੱਤੀ ਇਸ ਸੁਵਿਧਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਡਿਊਟੀ ਦੇ ਫਰਜ਼ ਕਾਰਨ ਵੋਟ ਪਾਉਣ ਤੋਂ ਵਾਂਝਾ ਨਾ ਰਹੇ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਫਾਰਮ 12-ਡੀ ਭਰਨ ਵਾਲੇ ਪੱਤਰਕਾਰਾਂ ਤੇ ਮੁਲਾਜਮਾਂ ਦੀਆਂ ਵੋਟਾਂ 23, 24 ਤੇ 25 ਮਈ ਨੂੰ ਪੁਆਉਣ ਲਈ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ, ਨਾਭਾ ਰੋਡ ਵਿਖੇ ਪੋਸਟਲ ਵੋਟਿੰਗ ਕੇਂਦਰ ਸਥਾਪਤ ਕੀਤਾ ਸੀ, ਜਿੱਥੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਇਹ ਵੋਟਾਂ ਪੁਆਈਆਂ ਗਈਆਂ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਜਾਰੀ ਨੋਟੀਫਿਕੇਸ਼ਨ ਅਨੁਸਾਰ, ਵੱਖ-ਵੱਖ ਵਿਭਾਗਾਂ ਸਮੇਤ ਮੀਡੀਆ ਕਰਮੀਆਂ ਨੂੰ ਵੀ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 60 (ਸੀ) ਦੇ ਤਹਿਤ ਪੋਸਟਲ ਬੈਲਟ ਰਾਹੀਂ ਲੋਕ ਸਭਾ ਚੋਣਾਂ 2024 ਵਿੱਚ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਸੀ, ਇਸ ਤਰ੍ਹਾਂ ਪਟਿਆਲਾ ਜ਼ਿਲ੍ਹੇ ਵਿੱਚ 15 ਪੱਤਰਕਾਰਾਂ ਤੋਂ ਇਲਾਵਾ ਕੁਲ 185 ਵੋਟਰਾਂ ਨੇ ਫਾਰਮ 12 ਡੀ ਭਰਿਆ ਸੀ। ਜਦਕਿ 43 ਵੋਟਰ ਬਾਹਰਲੇ ਜ਼ਿਲ੍ਹਿਆਂ ਦੇ ਸਨ, ਜਿਨ੍ਹਾਂ ਦੀਆਂ ਵੋਟਾਂ ਉਨ੍ਹਾਂ ਦੇ ਆਪਣੇ ਜ਼ਿਲ੍ਹਿਆਂ ਵਿੱਚ 1 ਜੂਨ ਤੋਂ ਪਹਿਲਾਂ ਪੁਆਉਣ ਦੇ ਪ੍ਰਬੰਧ ਕੀਤੇ ਗਏ ਹਨ।ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕ ਸਭਾ ਹਲਕਾ ਪਟਿਆਲਾ-13 ਲਈ ਦਿਵਿਆਂਗਜਨਾਂ, ਬਜ਼ੁਰਗਾਂ ਸਮੇਤ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀਆਂ ਵੋਟਾਂ 100 ਫੀਸਦੀ ਪੁਆਉਣ ਲਈ ਉਚੇਚੇ ਯਤਨ ਕਰ ਰਿਹਾ ਹੈ ਅਤੇ ਇਸੇ ਤਹਿਤ ਪਛਾਣ ਕੀਤੇ ਬਜ਼ੁਰਗਾਂ ਤੇ ਦਿਵਿਆਂਗਜਨਾਂ ਦੀਆਂ ਵੋਟਰਾਂ ਵੀ ਘਰ-ਘਰ ਜਾ ਕੇ ਪੁਆਈਆਂ ਗਈਆਂ ਹਨ ਤਾਂ ਕਿ ਕੋਈ ਵੀ ਯੋਗ ਵੋਟਰ ਆਪਣੀ ਵੋਟ ਪਾਉਣ ਤੋਂ ਵਾਂਝਾ ਨਾ ਰਹੇ।

LEAVE A REPLY

Please enter your comment!
Please enter your name here