ਜਗਰਾਉਂ, 15 ਜੂਨ ( ਵਿਕਾਸ ਮਠਾੜੂ, ਮੋਹਿਤ ਜੈਨ )-ਪਿਛਲੇ ਦਿਨੀਂ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਥਾਣਾ ਸਦਰ ਵੱਲੋਂ ਧਾਰਾ 174 ਤਹਿਤ ਕੀਤੀ ਗਈ ਕਾਰਵਾਈ ਤੋਂ ਨਿਰਾਸ਼ ਪਰਿਵਾਰ ਨੇ ਵੱਖ-ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਡੀਸੀ ਲੁਧਿਆਣਾ ਦਫ਼ਤਰ ਪਹੁੰਚ ਕੇ ਧਰਨਾ ਦਿੱਤਾ। ਨੌਜਵਾਨ ਦੀ ਮੌਤ ਨੂੰ ਕਤਲ ਦੱਸਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਜਿਸ ’ਤੇ ਡੀ.ਸੀ ਲੁਧਿਆਣਾ ਨੇ ਪੁਲਿਸ ਜ਼ਿਲ੍ਹਾ ਖੰਨਾ ਦੇਹਾਤ ’ਚ ਤਾਇਨਾਤ ਐਸ.ਪੀ ਦੀ ਅਗਵਾਈ ’ਚ ਸਿਟ ਬਣਾ ਕੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ ਅਤੇ ਡੀਸੀ ਲੁਧਿਆਣਾ ਨੂੰ ਦਿੱਤੀ ਸ਼ਿਕਾਇਤ ਵਿੱਚ ਦਲਜੀਤ ਸਿੰਘ ਵਾਸੀ ਪਿੰਡ ਸ਼ੇਖਦੌਲਤ ਨੇ ਦੋਸ਼ ਲਾਇਆ ਕਿ ਉਸ ਦਾ ਭਤੀਜਾ ਇੰਦਰਜੀਤ ਸਿੰਘ ਨੂੰ ਲੈਣ ਲਈ ਜਸਕਰਨ ਸਿੰਘ ਵਾਸੀ ਸ਼ੇਰਪੁਰ ਖੁਰਦ 3 ਦਿਨਾਂ ਤੋਂ ਸਾਡੇ ਘਰ ਆਉਂਦਾ ਰਿਹਾ। ਤੀਜੇ ਦਿਨ ਜਦੋਂ ਇੰਦਰਜੀਤ ਸਿੰਘ ਘਰ ਆਇਆ ਤਾਂ ਜਸਕਰਨ ਸਿੰਘ ਨੇ ਕਿਹਾ ਕਿ ਆਪਾਂ ਕਿਸੇ ਪਾਰਟੀ ਵਿਚ ਜਾਣਾ ਹੈ, ਤਿਆਰ ਹੋ ਜਾਓ। ਜਿਸ ’ਤੇ ਇੰਦਰਜੀਤ ਸਿੰਘ ਤਿਆਰ ਹੋ ਕੇ ਜਸਕਰਨ ਸਿੰਘ ਨਾਲ ਮੋਟਰਸਾਈਕਲ ’ਤੇ ਚਲਾ ਗਿਆ। ਦੂਜੇ ਮੋਟਰਸਾਈਕਲ ’ਤੇ ਲਵਦੀਪ ਸਿੰਘ ਵਾਸੀ ਕਿਸ਼ਨਪੁਰਾ ਬਾਗੀਆਂ ਅਤੇ ਜੱਗਾ ਸਿੰਘ ਵਾਸੀ ਪਿੰਡ ਸਫੀਪੁਰਾ ਬੈਠੇ ਸਨ। ਉਹ ਸਾਰੇ ਮੇਰੇ ਭਤੀਜੇ ਇੰਦਰਜੀਤ ਸਿੰਘ ਨੂੰ ਆਪਣੇ ਨਾਲ ਲੈ ਗਏ। ਰਾਤ 10 ਵਜੇ ਦੇ ਕਰੀਬ ਸਾਨੂੰ ਰਣਜੀਤ ਸਿੰਘ ਰਾਣਾ ਨਾ ਦੇ ਵਿਅਕਤੀ ਦਾ ਫੋਨ ਆਇਆ ਕਿ ਇੰਦਰਜੀਤ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਇੰਦਰਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਸਕਰਨ ਸਿੰਘ, ਲਵਦੀਪ ਸਿੰਘ, ਜੱਗਾ ਸਿੰਘ ਅਤੇ ਚਾਰ ਅਣਪਛਾਤੇ ਵਿਅਕਤੀ ਕਾਲੇ ਰੰਗ ਦੀ ਗੱਡੀ ਵਿੱਚ ਆਏ ਸਨ, ਜੋ ਮੈਨੂੰ ਇੰਦਰਜੀਤ ਸਿੰਘ ਦਾ ਪੋਸਟਮਾਰਟਮ ਨਾ ਕਰਵਾਉਣ ਲਈ ਜ਼ੋਰ ਦੇ ਰਹੇ ਸਨ। ਇਸ ਗੱਲ ਨੂੰ ਲੈ ਕੇ ਸਾਡੀ ਆਪਸ ਵਿਚ ਬਹਿਸ ਵੀ ਹੋਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਮਿਲ ਕੇ ਇੰਦਰਜੀਤ ਸਿੰਘ ਦਾ ਕਤਲ ਕੀਤਾ ਹੈ। ਇਸ ਤੋਂ ਬਾਅਦ ਅਸੀਂ ਪੁਲਿਸ ਹੈਲਪਲਾਈਨ 181 ’ਤੇ ਫ਼ੋਨ ਕੀਤਾ ਤਾਂ ਇਸ ਸਬੰਧੀ ਏ.ਐਸ.ਆਈ ਕੁਲਵੰਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਇੰਦਰਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਜਗਰਾਉਂ ਪਹੁੰਚਾਇਆ ੍ਟ ਲਵਦੀਪ ਸਿੰਘ ਅਤੇ ਜੱਗਾ ਸਿੰਘ ਨੂੰ ਮੌਕੇ ’ਤੇ ਹੀ ਐਸ.ਆਈ ਕੁਲਵੰਤ ਸਿੰਘ ਨੇ ਹਿਰਾਸਤ ਵਿਚ ਲੈ ਲਿਆ ਅਤੇ ਜਸਕਰਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਅਗਲੇ ਦਿਨ 6 ਜੂਨ ਨੂੰ ਸਵੇਰੇ 9 ਵਜੇ ਜਦੋਂ ਅਸੀਂ ਥਾਣਾ ਸਦਰ ਜਗਰਾਉਂ ਦਲਜੀਤ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਲੈ ਕੇ ਪਹੁੰਚੇ ਤਾਂ ਉਨ੍ਹਾਂ ਨੇ ਸਾਨੂੰ ਦੇਰ ਰਾਤ ਤੱਕ ਥਾਣੇ ਵਿੱਚ ਬਿਠਾ ਕੇ ਰੱਖਿਆ, ਬਾਅਦ ਵਿੱਚ ਮੇਰੇ ਭਤੀਜੇ ਕਰਮਜੀਤ ਸਿੰਘ ਨੂੰ ਅੰਦਰ ਲੈ ਗਿਆ ਅਤੇ ਸਾਨੂੰ ਬਾਹਰ ਕੱਢ ਦਿੱਤਾ। ਪੁਲੀਸ ਨੇ ਕਰਮਜੀਤ ਸਿੰਘ ਤੋਂ ਜਬਰਦਸਤੀ ਰਾਜੀਨਾਮੇ’ਤੇ ਦਸਤਖ਼ਤ ਕਰਨ ਲਈ ਮਜਬੂਰ ਕਰਕੇ ਧਾਰਾ 174 ਤਹਿਤ ਕਾਰਵਾਈ ਕੀਤੀ। ਸ਼ਿਕਾਇਤਕਰਤਾ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਅਣਪਛਾਤੇ ਵਿਅਕਤੀਆਂ ਦੇ ਨਾਮ, ਪਤੇ ਅਤੇ ਫੋਨ ਨੰਬਰ ਏਐਸਆਈ ਕੁਲਵੰਤ ਸਿੰਘ ਦੀ ਡਾਇਰੀ ਵਿੱਚ ਦਰਜ ਹਨ। ਇਨ੍ਹਾਂ ਸਾਰਿਆਂ ਦੇ ਕਾਲ ਡਿਟੇਲ ਕੱਢ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ ਦੀ ਜਾਂਚ ਡੀਸੀ ਵੱਲੋਂ ਖੰਨਾ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ।
ਕੀ ਕਹਿਣਾ ਹੈ ਥਾਣਾ ਸਦਰ ਦੇ ਇੰਚਾਰਜ ਦਾ- ਇਸ ਸਬੰਧੀ ਥਾਣਾ ਸਦਰ ਜਗਰਾਉਂ ਦੇ ਇੰਚਾਰਜ ਇੰਸਪੈਕਟਰ ਅਮਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨਾਲ ਸਬੰਧਤ ਮ੍ਰਿਤਕ.ਦੇ ਭਰਾ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।