Home Uncategorized ਕੁਲਫ਼ੀਵੇਚਣਆਇਆਭੁਰੂ

ਕੁਲਫ਼ੀਵੇਚਣਆਇਆਭੁਰੂ

32
0


*

ਰੰਦੇ ਉੱਤੇ ਬਰਫ਼ ਰਗੜ ਕੇ,
ਦੇਣ ਬਣਾ ਕੇ ਗੋਲ਼ੇ,
ਬਾਂਗਰੂਆਂ ਦੇ ਠੂਲੀ ਦੀ ਹੱਟ ,
ਸਕੂਲ ਦੇ ਬਿਲਕੁਲ ਕੋਲ਼ੇ।
ਅੱਧੀ ਛੁੱਟੀ ਲੈ ਕੇ ਖਾਂਦੇ ,
ਸਭ ਨੂੰ ਬੜਾ ਹੀ ਭਾਉਂਦਾ ।
ਸਿਖ਼ਰ ਦੁਪਹਿਰੇ ਭੁਰੂ ਸਾਡੇ,
ਕੁਲਫ਼ੀ ਵੇਚਣ ਆਉਂਦਾ।

ਠੰਡੀ ਮਿੱਠੀ ਖੋਏ ਦੀ ਕੁਲਫ਼ੀ ,
ਚੂਸ ਚੂਸ ਜਦ ਖਾਂਦੇ ,
ਅੱਜ ਤੱਕ ਭੁੱਲਿਆ ਸਵਾਦ ਨਾ ਉਸਦਾ ,
ਅੰਦਰ ਤੱਕ ਠਰ ਜਾਂਦੇ।
ਹੋਕਾ ਸੁਣ ਕੇ ਸੁਭਾਸ਼, ਪੱਪੀ ਤੇ,
ਕਾਲ਼ੇ ਨੂੰ ਸੱਦ ਲਿਆਉਂਦਾ,
ਸਿਖ਼ਰ ਦੁਪਹਿਰੇ ਭੁਰੂ ਸਾਡੇ ,
ਕੁਲਫ਼ੀ ਵੇਚਣ ਆਉਂਦਾ ।

ਆਂਡੇ ਵਰਗੀ ਘੜੇ ਦੀ ਕੁਲਫ਼ੀ ,
ਸ਼ਹਿਰੋਂ ਵੇਚਣ ਆਉਂਦੇ,
ਚੋਰੀਆਂ ਕਈ ਭੜੋਲੀਓਂ ਝੋਲੀ ,
ਦਾਣਿਆਂ ਦੀ ਭਰ ਲਿਆਉਂਦੇ।
ਕੋਈ ਬੇਬੇ ਤੋਂ ਠਿਆਨੀ ਲੈਂਦਾ,
ਕੋਈ ਲੜ ਕੇ ਚੁਆਨੀ ਲਿਆਉਂਦਾ,
ਸਿਖਰ ਦੁਪਹਿਰ ਭੋਰੂ ਸਾਡੇ ,
ਕੁਲਫ਼ੀ ਵੇਚਣ ਆਉਂਦਾ।

ਠੰਡੀ ਠਾਰ ਮਲਾਈ ਰਬੜੀ ,
ਧਰ ਕੇ ਦਿੰਦਾ ਪੱਤੇ ਉੱਤੇ,
ਹੋਕਾ ਸੁਣ ਕੇ ਭੱਜੇ ਆਉਂਦੇ ,
ਜਾਗ ਪੈਂਦੇ ਸਭ ਸੁੱਤੇ।
ਮੈਨੂੰ ਦੇ ਦੇ ਮੈਂ ਲੈਣੀ ਏ,
ਹਰ ਕੋਈ ਰੌਲ਼ਾ ਪਾਉਂਦਾ,
ਸਿਖ਼ਰ ਦੁਪਹਿਰੇ ਭੁਰੂ ਸਾਡੇ,
ਕੁਲਫ਼ੀ ਵੇਚਣ ਆਉਂਦਾ ।

ਸਮਾਂ ਬਦਲਿਆ ਠੰਢੀ ਪੇਟੀ,
ਫਰਿੱਜ ਘਰਾਂ ਵਿੱਚ ਆਇਆ,
ਕੌਲੇ ਕੌਲੀਆਂ ਬਾਟੀਆਂ ਦੇ ਵਿੱਚ ,
ਕਾੜ ਕੇ ਦੁੱਧ ਜਮਾਇਆ।
ਬਾਬਾ ਬੇਰੁਜ਼ਗਾਰ ਹੋ ਗਿਆ,
ਹੁਣ ਨਾ ਨਜ਼ਰੀਂ ਆਇਆ ,
ਸਿਖ਼ਰ ਦੁਪਹਿਰੇ ਹੁਣ ਨਾ ਭੁਰੂ,
ਕੁਲਫ਼ੀ ਵੇਚਣ ਆਉਂਦਾ।

ਨਾ ਉਹ ਝੋਲੀ ਨਾ ਉਹ ਦਾਣੇ ,
ਕਿਹੜਾ ਲੈ ਗਿਆ ਖੋਹ ਕੇ ,
ਹੁਣ ਤਾਂ ਭੂਰ ਮੰਜੇ ਦੇ ਨਾਲ,
ਬਹਿ ਗਿਆ ਮੰਜਾ ਹੋ ਕੇ।
ਲੰਘੇ ਵਕਤ ਨੂੰ ਭੂਰੂ ਵੀ ਹੁਣ,
ਹਾਕਾਂ ਮਾਰ ਬੁਲਾਉਂਦਾ ।
ਸਿਖ਼ਰ ਦੁਪਹਿਰੇ ਹੁਣ ਨਾ ਭੁਰੂ ,
ਕੁਲਫ਼ੀ ਵੇਚਣ ਆਉਂਦਾ ।

ਜੀਅ ਕਰਦਾ ਮੈਂ ਫੇਰ ਭੁਰੂ ਦੇ,
ਕੰਨੀਂ ਸੁਣਲਾਂ ਹੋਕੇ ,
ਠੰਡੀ ਮਿੱਠੀ ਕੁਲਫ਼ੀ ਖਾਵਾਂ,
ਨਿੰਮਾਂ ਹੇਠ ਖਲੋ ਕੇ ।
ਪਰ ਇੱਕ ਵਾਰ ਗੁਆਚਿਆ ਬਚਪਨ ,
ਫੇਰ ਨਾ ਮੁੜ ਕੇ ਥਿਆਉਂਦਾ ‌।
ਸਿਖ਼ਰ ਦੁਪਹਿਰੇ ਹੁਣ ਨਾ ਭੁਰੂ,
ਕੁਲਫ਼ੀ ਵੇਚਣ ਆਉਂਦਾ।


  • ਪ੍ਰੇਮ ਸਰੂਪ ਛਾਜਲੀ ਜ਼ਿਲ੍ਹਾ ਸੰਗਰੂਰ

LEAVE A REPLY

Please enter your comment!
Please enter your name here