ਸ਼੍ਰੋਮਣੀ ਅਕਾਲੀ ਦਲ ਬਾਦਲ ਖਾਲੀ ਦਲ ਹੋਣ ਦੇ ਰਾਹ ਵੱਲ ?
ਦੇਸ਼ ਦੀ ਸਿਆਸਤ ਵਿੱਚ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੋਣ ਦਾ ਮਾਣ ਹਾਸਲ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਹੁਣ ਹੌਲੀ-ਹੌਲੀ ਖਾਲੀ ਦਲ ਬਣਨ ਵੱਲ ਵਧ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਕਿਵੇਂ ਅਕਾਲੀ ਦਲ ਬਾਦਲ ਬਣਿਆ ਅਤੇ ਕਿਵੇਂ ਸੱਤਾ ਦਾ ਸੁੱਖ ਮਾਮਣ ਦੌਰਾਨ ਅਪਸ਼ ਤੋਂ ਫਰਸ਼ ਤੇ ਮੂੱਧਏ ਮੂੰਹ ਆ ਡਿੱਗਾ ਇਸਦੀ ਦਾਸਤਾਨ ਮੇਰੇ ਵਰਗੇ ਬਹੁਤ ਸਾਰਿਆਂ ਨੇ ਅੱਖੀ ਦੇਖੀ। ਇਸ ਸਮੇਂ ਅਕਾਲੀ ਦਲ ਦੇ ਹਾਲਤ ਇਹ ਹਨ ਕਿ ਬਹੁਤੇ ਟਕਸਾਲੀ ਅਕਾਲੀ ਆਗੂ ਖੁਦ ਪਾਰਟੀ ਛੱਡ ਗਏ ਅਤੇ ਕੁਝ ਨੂੰ ਸੁਖਬੀਰ ਬਾਦਲ ਨੇ ਖੁਦ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਵਿਚ ਸੁਖਬੀਰ ਬਾਦਲ ਦੀ ਜੀਜਾ ਆਦੇਸ਼ ਪ੍ਰਤਾਪ ਕੈਰੋਂ ਨੂੰ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਵਿਰਸਾ ਸਿੰਘ ਵਲ੍ਯਟੋਹਾ ਦੀ ਸ਼ਿਕਾਇਤ ਕਿ ਕੈਰੋਂ ਉਸਦੀ ਮਦਦ ਕਰਨ ਦੀ ਬਜਾਏ ਭਾਈ ਅਮਿ੍ਰਤਪਾਲ ਸਿੰਘ ਨੂੰ ਵੋਟ ਪਾਉਣ ਵਾਸਤੇ ਕਹਿ ਰਹੇ ਹਨ, ਤੇ ਕੱਢ ਦਿਤਾ। ਪਾਰਟੀ ਦੀ ਮੁੱਖ ਧੁਰਾ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਇਹ ਵਿਸ਼ੇਸ਼ਤਾ ਸੀ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਸਮਕਾਲੀ ਨੇਤਾਵਾਂ ਨੂੰ ਆਪਣੇ ਬਰਾਬਰ ਉਭਰਨ ਨਹੀਂ ਦਿੱਤਾ। ਚਾਹੇ ਉਹ ਗੁਰਚਰਨ ਸਿੰਘ ਟੋਹੜਾ ਹੋਣ, ਜਥੇਦਾਰ ਜਗਦੇਵ ਸਿੰਘ ਤਲਵੰਡੀ ਹੋਣ, ਸੁਰਜੀਤ ਸਿੰਘ ਬਰਨਾਲਾ ਹੋਣ, ਰਤਨ ਸਿੰਘ ਅਜਵਾਲਾ, ਬਰਹਮਪੁਰਾ, ਸੁਖਦੇਵ ਸਿੰਘ ਢੀਂਡਸਾ ਹੋਣ ਜਾਂ ਸੇਵਾ ਸਿੰਘ ਸੇਖਵਾਂ ਕਿਸੇ ਨੂੰ ਵੀ ਆਪਣੇ ਬਰਾਬਰ ਖੜਾ ਨਹੀਂ ਹੋਣ ਦਿਤਾ। ਭਾਵੇ ਕਿ ਇਹ ਸਾਰੇ ਵੱਡੇ ਨੇਤਾ ਉਹ ਹਨ ਜਿੰਨਾਂ ਨੇ ਸ਼੍ਰੋਮਣੀ ਅਕਾਲੀ ਦਲ ਸਥਾਪਤ ਕਰਨ ਲਈ ਬਰਾਬਰ ਦਾ ਰੋਲ ਅਦਾ ਕੀਤਾ। ਜਦੋਂ ਆਪਣੇ ਉਤਰਾਧਿਕਾਰੀ ਦੀ ਵਾਰੀ ਆਈ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤਰ ਮੋਹ ਵਿਚ ਇਨ੍ਹੰ ਸਾਰੇ ਨੇਤਾਵਾਂ ਨੂੰ ਦਰਕਿਨਾਰ ਕਰਕੇ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਡਿਪਟੀ ਮੁੱਖ ਮੰਤਰੀ ਵੀ ਬਣਾਇਆ ਅਤੇ ਪਾਰਟੀ ਦਾ ਪ੍ਰਧਾਨ ਵੀ ਥਾਪਿਆ। ਅੱਗੋਂ ਸੁਖਬੀਰ ਬਾਦਲ ਨੇ ਆਪਣੇ ਰਿਸ਼ਤੇਦਾਰ ਬਿਕਰਮ ਮਜੀਠੀਆ ਨੂੰ ਆਪਣੇ ਬਰਾਬਰ ਖੜ੍ਹਾ ਕਰ ਲਿਆ। ਜਿਸ ਕਾਰਨ ਪਾਰਟੀ ਦੀ ਇਹ ਸੀਨੀਅਰ ਲੀਡਰਸ਼ਿਪ ਹੌਲੀ ਹੌਲੀ ਅਕਾਲੀ ਦਲ ੋਤੰ ਕਿਨਾਰਾ ਕਰ ਗਈ ਅਤੇ ਹੁਣ ਸ਼ਰੋਮਣੀ ਅਕਾਲੀ ਦਲ ਬਾਦਲ ਵਿਚ ਕੋਈ ਵੀ ਟਕਸਾਲੀ ਆਗੂ ਨਜ਼ਰ ਨਹੀਂ ਆਉਂਦਾ। ਇਨਾਂ ਸਾਰਿਆਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਜਿਉਂਦੇ ਹੀ ਪਾਰਟੀ ਛੱਡ ਦਿੱਤੀ ਸੀ ਅਤੇ ਕੁਝ ਸਵਰਗ ਸਿਧਾਰ ਗਏ। ਹੁਣ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋ ਕੇ ਪਹਿਲੀ ਵਾਰ ਸੁਖਬੀਰ ਬਾਦਲ ਦੀ ਅਗਵਾਈ ਹੇਠ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਚੋਣਾਂ ਲੜੀਆਂ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਵੀ ਪਾਰਟੀ ਦੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਸਮੇਤ ਕਈ ਹੋਰ ਵੱਡੇ ਕੱਦ ਦੇ ਨੇਤਾ ਅਕਾਲੀ ਦਲ ਨੂੰ ਛੱਡ ਗਏ। ਆਦੇਸ਼ ਪ੍ਰਤਾਪ ਕੈਰੋਂ ਅਤੇ ਬਾਦਲ ਪਰਿਵਾਰ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹੀ ਕਟਾਸ ਪੈਦਾ ਹੋ ਗਈ ਸੀ। ਕੈਰੋਂ ਜੋ ਕਿ ਲਗਾਤਾਰ ਚਾਰ ਵਾਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਰਹੇ ਉਹ ਖਮਕਰਣ ਹਲਕੇ ਤੋਂ ਟਿਕਟ ਮੰਗ ਰਹੇ ਸਨ ਪਰ ਸੁਖਬੀਰ ਬਾਦਲ ਵਲੋਂ ਆਪਣੇ ਜੀਜੇ ਨੂੰ ਟਿਕਟ ਦੇਣ ਦੀ ਬਜਾਏ ਵਿਰਸਾ ਸਿੰਘ ਵਲਟੋਹਾ ਤੇ ਭਰੋਸਾ ਕੀਤਾ। ਹੁਣ ਵਲਟੋਹਾ ਖੰਡੂਰ ਸਾਹਿਬ ਤੋਂ ਲੋਕ ਸਭਾ ਚੋਣ ਲੜ ਰਹੇ ਹਨ ਤਾਂ ਉਸਦੀ ਸ਼ਿਕਾਇਤ ਤੇ ਕੈਰੋਂ ਨੂੰ ਪਾਰਟੀ ਵਿਚੋਂ ਕੱਢ ਦਿਤਾ ਗਿਆ ਤਾਂ ਇਸਦਾ ਦੂਰਅੰਦੇਸ਼ੀ ਪਾਰਟੀ ਨੂੰ ਭਾਰੀ ਨਮੁਕਸਾਨ ਹੋ ਸਕਦਾ ਹੈ। ਇਕ ਤਾਂ ਹੁਣ ਹੀ ਕੈਰੋਂ ਭਾਈ ਅਮਿ੍ਰਤਪਾਲ ਦੇ ਹੱਕ ਵਿਚ ਖੁੱਲ੍ਹ ਕੇ ਭੁਗਤ ਸਕਦੇ ਹਨ। ਦੂਸਰਾ ਜੇਕਰ ਉਹ ਭਾਜਪਾ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਕਿਰਕਰੀ ਹੋਵੇਗੀ ਹੀ ਬਲਕਿ ਬਾਦਲ ਪਰਿਵਾਰ ਨੂੰ ਹੋਰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਰਸ਼ ਤੋਂ ਫਰਸ਼ ਤੇ ਮੂਧੇ ਮੂੰਹ ਡਿੱਗੇ ਹੋਏ ਅਕਾਲੀ ਦਲ ਨੂੰ ਮੁੜ ਤੋਂ ਕੜ੍ਹਾ ਕਰਨ ਦੀ ਜਿੰਮੇਵਾਰੀ ਹੁਣ ਸੁਖਬੀਰ ਬਾਦਲ ਤੇ ਹੈ। ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਵੱਡੇ ਇਮਤਿਹਾਨ ’ਚੋਂ ਲੰਘਣਾ ਪੈ ਰਿਹਾ ਹੈ। ਜੇਕਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਸਫਰ ’ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਬਾਦਲ ਵਿਚ ਹੁਣ ਸਿਰਫ ਦੋ ਹੀ ਚਿਹਰੇ ਖੁਦ ਸੁਖਬੀਰ ਬਾਦਲ ਅਤੇ ਉਨ੍ਹੰ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਹੀ ਨਜ਼ਰ ਆਉਂਦੇ ਹਨ। ਬਾਕੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਦਰਕਿਨਾਰ ਕਰ ਦਿਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਦੋ ਚਿਹਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਦਾ ਕਾਰਨ ਹਨ। ਲੋਕ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਨਾਰਾਜ ਹੋ ਕੇ ਬੈਠੇ ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚ ਵਾਪਸ ਲਿਆਉਣ ਵਿੱਚ ਕਾਮਯਾਬ ਹੋਏ ਸਨ, ਪਰ ਵਾਅਦੇ ਅਨੁਸਾਰ ਢੀਂਡਸਾ ਪਰਿਵਾਰ ਨੂੰ ਮੁੜ ਸੰਗਰੂਰ ਹਲਕੇ ਤੋਂ ਟਿਕਟ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਪਾਰਟੀ ਵਿੱਚ ਵਾਪਿਸ ਆਉਣ ਦੇ ਬਾਵਜੂਦ ਵੀ ਖਾਮੋਸ਼ ਹੋ ਕੇ ਬੈਠ ਗਿਆ ਹੈ। ਬੀਬੀ ਜਾਗੀਰ ਕੌਰ ਅਤੇ ਸਿਕੰਦਰ ਸਿੰਘ ਮਲੂਕਾ ਵੀ ਚੁੱਪ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਸੰਭਾਵੀ ਤੌਰ ਤੇ ਹੋਣ ਵਾਲੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਵੀ ਇਨ੍ਹਾਂ ਹੱਥੋਂ ਖਿਸਕਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੰਬੰਧੀ ਜਦੋਂ ਪਿੱਛੇ ਵੋਟਾਂ ਬਨਾਉਣ ਦਾ ਕੰਮ ਚੱਲ ਰਿਹਾ ਸੀ ਤਾਂ ਇਸ ਵਾਰ ਆਮ ਆਦਮੀ ਪਾਰਟੀ ਅਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਦੇ ਸਮਰਥਕਾਂ ਨੇ ਵੀ ਵੱਡੀ ਪੱਧਰ ’ਤੇ ਵੋਟਾਂ ਬਣਾਈਆ। ਹੁਣ ਜਦੋਂ ਇਹ ਚੋਣਾਂ ਆਉਂਦੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਵਾਂਗ ਕਾਮਯਾਬੀ ਮਿਲਣੀ ਅਸੰਭਵ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਡਾ ਬਦਲਾਅ ਹੋਣਾ ਤੈਅ ਹੈ ਅਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਜਾਬ ਵਿੱਚ ਮੁੜ ਸਥਾਪਿਤ ਕਰਨਾ ਹੈ ਤਾਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਦੋਵਾਂ ਨੂੰ ਹੀ ਲਾਂਭੇ ਕਰਨਾ ਪਏਗਾ। ਇਨ੍ਹਾਂ ਨੂੰ ਪਾਸੇ ਕੀਤੇ ਬਗੈਰ ਵੱਖ ਹੋ ਚੁੱਕੀ ਟਕਸਾਲੀ ਲੀਡਰਸ਼ਿਪ ਅਤੇ ਆਮ ਪਾਰਟੀ ਵਰਕਰ ਜੋ ਪਿੰਡ ਪੱਧਰ ਦਾ ਪਾਰਟੀ ਨਾਲ ਜੁੜਿਆ ਹੋਇਆ ਸੀ ਉਹ ਵਾਪਿਸ ਨਹੀਂ ਆਏਗਾ। ਹੁਣ ਸਮਾਂ ਹੀ ਦੱਸੇਗਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਬਤੌਰ ਪਾਰਟੀ ਪ੍ਰਧਾਨ ਲੋਕ ਸਭਾ ਚੋਣਾਂ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਨਾਲ ਕਿਵੇਂ ਨਜਿੱਠਣਗੇ।
ਹਰਵਿੰਦਰ ਸਿੰਘ ਸੱਗੂ।
98723-27899 .