ਜਗਰਾਓ, 10 ਜੁਲਾਈ ( ਭਗਵਾਨ ਭੰਗੂ, ਜਗਰੂਪ ਸੋਹੀ )-ਐਨ ਆਰ ਆਈ ਜਾਇਦਾਦ ਬਚਾਓ ਐਕਸ਼ਨ ਕਮੇਟੀ ਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦਾ ਵਿਸ਼ਾਲ ਵਫਦ ਜਿਲਾ ਪੁਲਿਸ ਮੁਖੀ ਦੇ ਹੜ੍ਹ ਪ੍ਰਬੰਧਾਂ ਚ ਰੁੱਝੇ ਹੋਣ ਕਾਰਨ ਐਸ ਪੀ ਐਚ ਮਲਵਿੰਦਰ ਜੀਤ ਸਿੰਘ ਨੂੰ ਮਿਲਿਆ। ਵਫਦ ਨੇ ਪੁਲਸ ਅਧਿਕਾਰੀ ਕੋਲ 26 ਜੂਨ ਨੂੰ ਦਿਤੇ ਮੰਗ ਪੱਤਰ ਤੇ ਪੰਦਰਾਂ ਦਿਨ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਐਨ ਆਰ ਆਈ ਪਰਿਵਾਰ ਦੀ ਕੋਠੀ ਕਬਜ਼ਾਉਣ ਦੇ ਦੋਸ਼ੀਆਂ ਖਿਲਾਫ ਕਨੂੰਨੀ ਕਾਰਵਾਈ ਨਾ ਕਰਨ ਤੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਵਫਦ ਨੇ ਜੋਰ ਦੇ ਕੇ ਕਿਹਾ ਕਿ ਜਦੋਂ ਕਰਮ ਸਿੰਘ ਵਲੋਂ ਜਾਲੀ ਮੁਖਤਿਆਰਨਾਮੇ ਤੇ ਕਰਵਾਈ ਰਜਿਸਟਰੀ ਜਾਲੀ ਸਾਬਤ ਹੋ ਚੁੱਕੀ ਹੈ ਤੇ ਕਰਮ ਸਿੰਘ ਨੇ ਲਿਖਤੀ ਤੋਰ ਤੇ ਇਹ ਗਲਤੀ ਸਵੀਕਾਰ ਵੀ ਕਰ ਲਈ ਹੈ ਤਾਂ ਫਿਰ ਹਲਕਾ ਵਿਧਾਇਕ, ਜਾਲੀ ਮੁਖਤਿਆਰੇਆਮ ਅਸ਼ੋਕ ਕੁਮਾਰ, ਕਰਮ ਸਿੰਘ, ਤਹਿਸੀਲਦਾਰ ਮਲੂਕ ਸਿੰਘ, ਨੰਬਰਦਾਰ, ਸਬੰਧਤ ਬਿਜਲੀ, ਸਿਵਲ ਵਿਭਾਗ ਦੇ ਕਰਮਚਾਰੀਆਂ ਅਧਿਕਾਰੀਆਂ ਸਖਤ ਕਨੂੰਨੀ ਕਾਰਵਾਈ ਅਜੇ ਤਕ ਕਿਉਂ ਨਹੀਂ ਕੀਤੀ ਗਈ। ਵਫਦ ਨੇ ਸੱਤਾ ਤੇ ਕਾਬਜ ਲੋਕਾਂ ਦੇ ਦਬਾਅ ਹੇਠ ਅਜੇ ਤਕ ਕਾਰਵਾਈ ਨਾ ਕਰਨ ਦਾ ਦੋਸ਼ ਵੀ ਲਗਾਇਆ। ਇਸ ਮੌਕੇ ਐਸਪੀ ਐਚ ਵਲੋਂ ਭਲਕੇ ਜਿਲਾ ਪੁਲਸ ਮੁਖੀ ਨਾਲ ਵਫਦ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਞਫਦ ਨੇ ਪੁਲਸ ਅਧਿਕਾਰੀ ਨੂੰ ਦੱਸਿਆ ਕਿ ਮੰਗਾਂ ਦੀ ਪੂਰਤੀ ਨਾ ਹੋਣ ਦੀ ਹਾਲਤ ਚ 17 ਜੁਲਾਈ ਨੂੰ ਕਮੇਟੀ ਵਲੋਂ ਐਸ ਐਸ ਪੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਵਫਦ ਚ ਕੰਵਲਜੀਤ ਖੰਨਾ, ਗੁਰਮੇਲ ਸਿੰਘ ਰੂਮੀ, ਜਗਤਾਰ ਸਿੰਘ ਦੇਹੜਕਾ, ਜਸਦੇਵ ਸਿੰਘ ਲਲਤੋਂ, ਸੁਖਦੇਵ ਮਾਣੂਕੇ, ਮਦਨ ਸਿੰਘ, ਬੂਟਾ ਸਿੰਘ ਚਕਰ, ਤਰਲੋਚਨ ਸਿੰਘ ਝੋਰੜਾਂ, ਭਰਪੂਰ ਸਿੰਘ ਸੱਵਦੀ, ਬਲਰਾਜ ਸਿੰਘ ਕੋਟੳਮਰਾ, ਗੁਰਮੇਲ ਸਿੰਘ ਭਰੋਵਾਲ, ਰਾਮਸਰਨ ਸਿੰਘ ਰਸੂਲਪੁਰ, ਹੁਕਮਰਾਜ ਦੇਹੜਕਾ, ਜਗਦੀਸ਼ ਸਿੰਘ ਕਾਉਂਕੇ, ਤਰਸੇਮ ਸਿੰਘ ਬੱਸੂਵਾਲ, ਜਗਜੀਤ ਸਿੰਘ ਕਲੇਰ ਆਦਿ ਹਾਜ਼ਰ ਸਨ।