ਧੂਰੀ, 27 ਮਈ ( ਰਾਜਨ ਜੈਨ)- ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਵਰਡਵਾਲ ਧੂਰੀ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਪਿਛਲੇ ਸਾਲਾਂ ਦੌਰਾਨ ਪੜ੍ਹ ਚੁੱਕੇ ਵਿਦਿਆਰਥੀ ਜਿਨ੍ਹਾਂ ਨੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਚੰਗੇ ਕੋਰਸਾਂ ਵਿੱਚ ਦਾਖਲਾ ਲੈ ਕੇ ਸਕੂਲ ਦਾ ਅਤੇ ਮਾਪਿਆਂ ਦਾ ਨਾਂ ਰੋਸ਼ਣ ਕੀਤਾ ਹੈ, ਨੂੰ ਵੀ ਸ਼ਾਮਿਲ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਵਿਸ਼ੇਸ ਤੌਰ ਤੇ ਮਾਲੇਰਕੋਟਲਾ ਦੀ ਐਮ.ਬੀ.ਬੀ.ਐਸ ਤੀਜੇ ਸਾਲ ਦੀ ਵਿਦਿਆਰਥਣ ਗੁਰਕੋਮਲ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਗੁਰਕੋਮਲ ਕੌਰ ਨੇ ਸਕੂਲ ਮੈਨੇਜਮੈਂਟ ਅਤੇ ਅਧਿਆਪਕ ਸਹਿਬਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਬਾਹਰਲੇ ਦੇਸ਼ਾਂ ਨੂੰ ਜਾਣ ਦਾ ਧਿਆਨ ਛੱਡ ਕੇ ਸਕੂਲੀ ਪੜਾਈ ਦੇ ਨਾਲ- ਨਾਲ ਉਚੇਰੀ ਪੜਾਈ ਲਈ ਮੁਕਾਬਲਾ ਪ੍ਰਿਖਿਆਵਾਂ ਦੀ ਤਿਆਰੀ ਕਰ ਕੇ ਆਪਣੇ ਦੇਸ਼ ਵਿੱਚ ਵੀ ਹੀ ਸੇਵਾ ਕਰਨੀ ਚਾਹੀਂਦੀ ਹੈ। ਪ੍ਰਿਸਿੰਪਲ ਕੈਪਟਨ ਰੋਹਿਤ ਦਿਵੇਦੀ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੰਦੇ ਹੋਏ ਪੜਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਟਰੱਸਟ ਦੇ ਸੈਕਟਰੀ ਬਲਵੰਤ ਸਿੰਘ ਮੀਮਸਾ, ਜੋਰਾ ਸਿੰਘ ਸਾਬਕਾ ਸਰਪੰਚ ਜੈਨਪੁਰ, ਪ੍ਰੋ. ਜੱਗਾ ਸਿੰਘ, ਹੈਡ ਟੀਚਰ ਮਨਜੀਤ ਕੌਰ ਦੇ ਨਾਲ- ਨਾਲ ਸਮੁੱਚਾ ਸਕੂਲ ਸਟਾਫ ਹਾਜਰ ਰਿਹਾ।