Home Punjab ਪੈਟਰੋਲ ਪਾ ਕੇ ਅੱਗ ਲਗਾ ਕੇ ਮਾਰੇ ਮਨਪ੍ਰੀਤ ਨੂੰ ਇਨਸਾਫ ਦਿਵਾਉਣ ਲਈ...

ਪੈਟਰੋਲ ਪਾ ਕੇ ਅੱਗ ਲਗਾ ਕੇ ਮਾਰੇ ਮਨਪ੍ਰੀਤ ਨੂੰ ਇਨਸਾਫ ਦਿਵਾਉਣ ਲਈ ਲਗਾਇਆ ਧਰਨਾ ਸਮਾਪਤ

43
0


ਡੀਐੱਸਪੀ ਦੇ ਭਰੋਸੇ ’ਤੇ ਉੱਠਿਆ ਧਰਨਾ, ਮਨਪ੍ਰੀਤ ਦਾ ਕੀਤਾ ਅੰਤਿਮ ਸੰਸਕਾਰ
ਜਗਰਾਓਂ, 19 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਸ਼ਹਿਰ ਦੇ ਮੁਹੱਲਾ ਰਾਣੀਵਾਲਾ ਖੂਹ, ਚੁੰਗੀ ਨੰਬਰ 7 ਵਿਖੇ 5 ਜੂਨ ਨੂੰ ਦਿਨ ਦਿਹਾੜੇ ਨੌਜਵਾਨ ਮਨਪ੍ਰੀਤ ਸਿੰਘ ਨੂੰ ਪੈਟਰੋਲ ਪਾ ਕੇ ਅੱਗ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹ ਫ਼ਿਰੋਜ਼ਪੁਰ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਤਿੰਨ ਦਿਨ ਤੱਕ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ। ਭਾਵੇਂ ਪੁਲੀਸ ਨੇ ਮਨਪ੍ਰੀਤ ਦੇ ਪਿਤਾ ਦੇ ਬਿਆਨਾਂ ’ਤੇ ਅੱਠ ਮੁਲਜ਼ਮਾਂ ਖ਼ਿਲਾਫ਼ ਦਰਜ ਕੇਸ ਦੀ ਧਾਰਾਵਾਂ ਵਿੱਚ ਵਾਧਾ ਕਰਕੇ ਧਾਰਾ 302 ਵਿੱਚ ਤਬਦੀਲ ਕਰ ਦਿੱਤਾ ਸੀ ਅਤੇ ਇਨ੍ਹਾਂ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਵਿੱਚ ਪੈਟਰੋਲ ਪਾ ਕੇ ਅੱਗ ਲਾਉਣ ਵਾਲੇ ਮੁੱਖ ਮੁਲਜ਼ਮ ਵਿਜੇ ਗਿੱਲ ਦੀ ਗ੍ਰਿਫਤਾਰ ਨਾ ਹੋਣ ਕਾਰਨ ਮੁਹੱਲਾ ਵਾਸੀਆਂ ਅਤੇ ਪਰਿਵਾਰ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਡਾ ਰਾਏਕੋਟ ਦੇ ਚੌਰਾਹੇ ’ਤੇ ਮ੍ਰਿਤਕ ਮਨਪ੍ਰੀਤ ਦੀ ਲਾਸ਼ ਰੱਖ ਕੇ 5 ਘੰਟੇ ਤੱਕ ਧਰਨਾ ਦਿੱਤਾ ਗਿਆ। ਉਸ ਸਮੇਂ ਡੀਐਸਪੀ ਜਪਜੋਤ ਸਿੰਘ ਵੱਲੋਂ ਮੁੱਖ ਮੁਲਜ਼ਮ ਨੂੰ 72 ਘੰਟਿਆਂ ਵਿੱਚ ਗ੍ਰਿਫ਼ਤਾਰ ਕਰਨ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰ ਦਿੱਤਾ ਗਿਆ ਸੀ, ਪਰ 72 ਘੰਟੇ ਬੀਤ ਜਾਣ ਦੇ ਬਾਵਜੂਦ ਮੁਲਜ਼ਮ ਵਿਜੇ ਗਿੱਲ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਇਸ ਕਾਰਨ ਮੰਗਲਵਾਰ ਸਵੇਰੇ 9 ਵਜੇ ਅੱਡਾ ਰਾਏਕੋਟ ਵਿਖੇ ਮੁੜ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਤੋਂ 24 ਘੰਟੇ ਬਾਅਦ ਹੀ ਪੁਲੀਸ ਦੇ ਅਧਿਕਾਰੀਆਂ ਨੇ ਮੁੜ ਪਰਿਵਾਰ ਅਤੇ ਜਥੇਬੰਦੀਆਂ ਦੇ ਮੈਂਬਰਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਅਤੇ ਡੀਐਸਪੀ ਜਪਜਯੋਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮੁੜ ਭਰੋਸਾ ਦਿੱਤਾ ਕਿ ਟੀਮਾਂ ਮੁੱਖ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲੈਣਗੀਆਂ। ਉਨ੍ਹਾਂ ਵਲੋਂ ਦਿਤੇ ਗਏ ਇਸ ਭਰੋਸਾ ਤੇ ਧਰਨਾ ਸਮਾਪਤ ਕਰ ਦਿੱਤਾ ਗਿਆ ਅਤੇ ਮਨਪ੍ਰੀਤ ਦਾ ਅੰਤਿਮ ਸੰਸਕਾਰ ਕਰਨ ਦਾ ਐਲਾਨ ਕੀਤਾ। ਇਸ ਮੀਟਿੰਗ ਤੋਂ ਬਾਅਦ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਅਤੇ ਬਲਾਕ ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਰੋਸ ਪ੍ਰਦਰਸ਼ਨ ਵਿੱਚ ਪੀੜਤ ਪਰਿਵਾਰ ਦਾ ਸਾਥ ਦੇਣ ਵਾਲੇ ਲੋਕਾਂ ਅਤੇ ਜਥੇਬੰਦੀਆਂ ਦਾ ਧੰਨਵਾਦ ਕੀਤਾ। ਮਨਪ੍ਰੀਤ ਦਾ ਸ਼ਾਮ ਕਰੀਬ 5 ਵਜੇ ਰਾਏਕੋਟ ਰੋਡ ’ਤੇ ਸਥਿਤ ਸਾਇੰਸ ਕਾਲਜ ਦੇ ਨਕਾਦਿਕ ਸਮਸ਼ਾਨਘਾਟ ’ਚ ਸੰਸਕਾਰ ਕਰ ਦਿੱਤਾ ਗਿਆ।