ਸੁਧਾਰ, 30 ਜੂਨ ( ਭਗਵਾਨ ਭੰਗੂ, ਰੋਹਿਤ ਗੋਇਲ )-ਥਾਣਾ ਸੁਧਾਰ ਅਧੀਨ ਇੱਕ ਐਨਆਰਆਈ ਨਾਲ 46 ਲੱਖ ਰੁਪਏ ਦੀ ਧੋਖਾਧੜੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਸਾਲ ਦੇ ਅੰਦਰ ਉਸਦੇ ਬੈਂਕ ਖਾਤੇ ਵਿੱਚੋਂ ਉਸਦੀ ਸਾਰੀ ਬਚਤ ਕਢਵਾ ਲਈ ਗਈ। ਪੀੜਤ ਬਲਵੰਤ ਸਿੰਘ ਵਾਸੀ ਪਿੰਡ ਹੇਰਾਂ ਜੋ ਕਿ ਮੌਜੂਦਾ ਕੈਨੇਡਾ ਰਹਿੰਦੇ ਹਨ, ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਬੱਚਤ ਬੈਂਕ ਖਾਤਾ (ਸੀਨੀਅਰ ਸਿਟੀਜ਼ਨ) ਸੁਧਾਰ ਦੇ ਐਸਬੀਆਈ ਬੈਂਕ ਵਿੱਚ ਹੈ। ਜਿਸ ਵਿੱਚ ਉਸਦੀ ਸਰਵਿਸ ਪੈਨਸ਼ਨ ਆ ਰਹੀ ਸੀ। ਉਹ ਵਿਭਾਗ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਜੇਈ ਵਜੋਂ ਸੇਵਾਮੁਕਤ ਹੋਏ ਸਨ। ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਵੱਲੋਂ ਵਿਭਾਗ ਤੋਂ ਪ੍ਰਾਪਤ ਬਕਾਇਆ ਰਾਸ਼ੀ ਵੀ ਇਸ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ। ਇਸ ਤੋਂ ਬਾਅਦ ਉਹ ਕੈਨੇਡਾ ਚਲਾ ਗਿਆ ਅਤੇ ਉੱਥੇ ਪੀ.ਆਰ. ਹੈ ਅਤੇ 2017 ਤੋਂ ਕੈਨੇਡਾ ਗਿਆ ਹੋਇਆ ਸੀ। ਜਦੋਂ ਉਹ 24 ਅਪਰੈਲ 2024 ਨੂੰ ਵਾਪਸ ਆਇਆ ਤਾਂ ਉਸ ਨੇ ਉਕਤ ਬੈਂਕ ਤੋਂ ਆਪਣੇ ਅਕਾਊੰਟ ਦੀ ਸਟੇਟਮੈਂਟ ਪ੍ਰਾਪਤ ਕੀਤੀ ਤਾਂ ਪਤਾ ਲੱਗਾ ਕਿ ਉਸਦਾ ਖਾਤਾ ਤਾਂ ਖਾਲੀ ਹੋ ਗਿਆ ਹੈ। ਇਸ ਖਾਤੇ ਵਿਚ ਸਾਲ 2017 ਤੋਂ 2024 ਤੱਕ ਬੈਂਕ ਵਿੱਚ ਜਮ੍ਹਾ ਹਰੇਕ ਮਹੀਨੇ ਦੀ ਪੈਨਸ਼ਨ ਅਤੇ ਉਸਨੂੰ ਮਿਲੀ ਬਕਾਇਆ ਰਾਸ਼ਈ ਦੇ ਕੁਲ 46 ਲੱਖ ਰੁਪਏ ਤੋਂ ਵਧੇਰੇ ਪੈਸੇ ਜਮ੍ਹਾਂ ਸਨ। ਜਿਸ ਤੋਂ ਉਸ ਨੇ ਕੋਈ ਪੈਸਾ ਨਹੀਂ ਕਢਵਾਇਆ। ਹੁਣ ਜਦੋਂ ਮੈਂ ਆਪਣੇ ਖਾਤੇ ਦੀ ਸਟੇਟਮੈਂਟ ਲੈਣ ਲਈ ਬੈਂਕ ਗਿਆ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਖਾਤੇ ਵਿੱਚ ਸਿਰਫ਼ 20,912 ਰੁਪਏ ਹੀ ਬਕਾਇਆ ਹਨ। ਜਦੋਂਕਿ ਉਸ ਨੇ ਖੁਦ ਜਾਂ ਉਸ ਦੇ ਕਿਸੇ ਵਾਰਿਸ ਨੇ ਕੋਈ ਪੈਸਾ ਨਹੀਂ ਕਢਵਾਇਆ। ਉਸ ਦੇ ਬੈਂਕ ਖਾਤੇ ਵਿੱਚ 46 ਲੱਖ ਰੁਪਏ ਬਕਾਇਆ ਹੈ ਜੋ ਉਸ ਦੇ ਖਾਤੇ ਵਿੱਚੋਂ ਕਢਵਾ ਲਿਆ ਗਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦੇ ਖਾਤੇ ਤੋਂ ਪੈਸੇ ਵੱਖ-ਵੱਖ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਸਨ। ਜਦੋਂ ਕਿ ਉਸ ਨੇ ਬੈਂਕ ਤੋਂ ਅਜਿਹੀ ਕਿਸੇ ਵੀ ਸਹੂਲਤ ਦਾ ਲਾਭ ਨਹੀਂ ਲਿਆ ਹੈ, ਨਾ ਹੀ ਉਸ ਨੇ ਏ.ਟੀ.ਐੱਮ., ਨਾ ਹੀ ਉਸ ਨੂੰ ਕੋਈ ਚੈੱਕ ਬੁੱਕ ਜਾਰੀ ਕੀਤੀ ਹੈ ਅਤੇ ਨਾ ਹੀ ਉਸ ਨੇ ਆਪਣੇ ਖਾਤੇ ’ਤੇ ਕੋਈ ਨੈੱਟ ਬੈਂਕਿੰਗ ਕੀਤੀ ਹੈ। ਬਲਵੰਤ ਸਿੰਘ ਦੀ ਇਸ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ. ਡੀ ਵਲੋਂ ਕੀਤੀ ਗਈ। ਜਾਂਚ ਵਿਚ ਪਾਇਆ ਗਿਆ ਕਿ ਸ਼ਿਕਾਇਤਕਰਤਾ ਦੇ ਖਾਤੇ ਵਿੱਚੋਂ ਸਮੇਂ-ਸਮੇਂ ’ਤੇ ਰਣਜੀਤ ਸਿੰਘ ਵਾਸੀ ਪਿੰਡ ਲਮੋਚੜ, ਜ਼ਿਲ੍ਹਾ ਫਾਜ਼ਿਲਕਾ ਅਤੇ ਸਰੂਪ ਸਿੰਘ ਵਾਸੀ ਪਿੰਡ ਵਜੀਦਾ, ਜ਼ਿਲ੍ਹਾ ਫਾਜ਼ਿਲਕਾ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕੀਤੇ ਗਏ। ਦੋਵਾਂ ਖ਼ਿਲਾਫ਼ ਥਾਣਾ ਸੁਧਾਰ ਵਿਖੇ ਧੋਖਾਧੜੀ ਅਤੇ ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।