Home Uncategorized ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਵਿਚ ਗਏ ਮਨਦੀਪ ਸਿੰਘ...

ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਵਿਚ ਗਏ ਮਨਦੀਪ ਸਿੰਘ ਨੂੰ ਇਨਸਾਫ਼ ਲਈ ਧਰਨਾ

56
0


ਵਿਭਾਗ ਨੇ ਸਾਰੀਆਂ ਮੰਗਾਂ ਮੰਨੀਆਂ, ਸੋਮਵਾਰ ਨੂੰ ਕੀਤਾ ਜਾਵੇਗਾ ਅੰਤਿਮ ਸੰਸਕਾਰ
ਜਗਰਾਓਂ, 30 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ, ਜਗਰੂਪ ਸੋਹੀ )-ਸ਼ਨੀਵਾਰ ਦੇਰ ਸ਼ਾਮ ਸਥਾਨਕ ਚੁੰਗੀ ਨੰਬਰ 5 ਵਿਖੇ ਡਿਊਟੀ ਦੌਰਾਨ ਬਿਜਲੀ ਦੀ ਕੰਪਲੇਟ ਤੇ ਖੰਭੇ ਤੇ ਬਿਜਲੀ ਠੀਕ ਕਰਨ ਗਏ ਵਿਭਾਗ ਦੇ ਠੇਕੇਦਾਰ ਅਧੀਨ ਕੰਮ ਕਰਦੇ ਮੁਲਾਜ਼ਮ ਮਨਦੀਪ ਸਿੰਘ ਨਿਵਾਸੀ ਪਿੰਡ ਢੋਲਣ ਦੀ ਕਰੰਟ ਲੱਗ ਕੇ ਖੰਭੇ ਤੋਂ ਡਿੱਗਣ ਨਾਲ ਮੌਤ ਹੋ ਗਈ। ਉਸ ਸਮੇਂ ਤੋਂ ਹੀ ਵਿਭਾਗ ਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ ਅਤੇ ਉਸ ਸਮੇਂ ਤੋਂ ਹੀ ਮੁਲਾਜ਼ਮਾਂ ਨੇ ਨਗਰ ਕੌਂਸਲ ਦਫ਼ਤਰ ਦੇ ਨਜ਼ਦੀਕ ਕੰਪਲੇਟ ਦਫਤਰ ਦੇ ਬਾਹਰ ਧਰਨਾ ਦੇ ਕੇ ਆਪਣਾ ਰੋਸ ਜਾਹਿਰ ਕਰ ਰਹੇ ਹਨ। ਐਤਵਾਰ ਸਵੇਰੇ ਵੀ ਮ੍ਰਿਤਕ ਦੇ ਪਰਿਵਾਰ, ਪਿੰਡ ਵਾਸੀ, ਵਿਭਾਗ ਦੇ ਕਰਮਚਾਰੀ ਅਤੇ ਉਨ੍ਹਾਂ ਦੀ ਯੂਨੀਅਨ ਦੇ ਮੈਂਬਰ ਇਕੱਠੇ ਹੋ ਗਏ ਅਤੇ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਜੋ ਦੇਰ ਸ਼ਾਮ ਤੱਕ ਜਾਰੀ ਰਿਹਾ। ਇਸ ਮੌਕੇ ਬੁਲਾਰਿਆਂ ਨੇ ਮ੍ਰਿਤਕ ਮਨਦੀਪ ਸਿੰਘ ਦੀ ਪਤਨੀ ਲਈ ਨੌਕਰੀ, ਮਿ੍ਰਤਕ ਦੇ ਪਰਿਵਾਰ ਨੂੰ ਪੈਨਸ਼ਨ, ਉਸ ਦੀ ਪਤਨੀ ਲਈ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਮਨਦੀਪ ਸਿੰਘ ਦੀ ਮੌਤ ਤੋਂ ਬਾਅਦ ਧਰਨਾ ਸ਼ੁਰੂ ਹੋ ਗਿਆ ਸੀ। ਵਿਭਾਗ ਦਾ ਕੋਈ ਵੀ ਅਧਿਕਾਰੀ ਜਾਂ ਠੇਕੇਦਾਰ ਮਨਦੀਪ ਸਿੰਘ ਨੂੰ ਇਨਸਾਫ ਦਵਾਉਣ ਲਈ ਧਰਨੇ ਤੇ ਬੈਠੇ ਮੁਲਾਜਮਾਂ ਅਤੇ ਜਥੇਬੰਦੀਆਂ ਪਾਸ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਵੀ ਦੇਣ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਨਦੀਪ ਸਿੰਘ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਸ ਦੀ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਸਮੂਹ ਮੁਲਾਜ਼ਮ ਹੜਤਾਲ ’ਤੇ ਰਹਿਣਗੇ ਅਤੇ ਧਰਨੇ ਵਿੱਚ ਸ਼ਾਮਲ ਹੋਣਗੇ। ਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਅਤੇ ਉਸ ਦੇ ਦੋ ਬੱਚੇ ਹਨ। ਹੁਣ ਪਰਿਵਾਰ ਦਾ ਪੇਟ ਪਾਲਣ ਲਈ ਕਮਾਈ ਕਰਨ ਵਾਲਾ ਕੋਈ ਸਹਾਰਾ ਨਹੀਂ ਬਚਿਆ। ਜ਼ਿਕਰਯੋਗ ਹੈ ਕਿ ਪਿੰਡ ਢੋਲਣ ਦਾ ਰਹਿਣ ਵਾਲਾ ਮਨਦੀਪ ਸਿੰਘ (42 ਸਾਲ) ਵਿਭਾਗ ਵਿੱਚ ਠੇਕੇਦਾਰ ਅਧੀਨ ਮੁਲਾਜ਼ਮ ਸੀ। ਬਿਜਲੀ ਖਰਾਬ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਉਹ ਸਥਾਨਕ ਚੁੰਗੀ ਨੰਬਰ ਪੰਜ ਨੇੜੇ ਪਹੁੰਚਿਆ ਅਤੇ ਖੰਭੇ ’ਤੇ ਚੜ੍ਹਦੇ ਹੀ ਬਿਜਲੀ ਦਾ ਕਰੰਟ ਲੱਗ ਕੇ ਹੇਠਾਂ ਡਿੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਜਦੋਂ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਵਿਭਾਗ ਦੇ ਠੇਕੇਦਾਰ ’ਤੇ ਕਈ ਗੰਭੀਰ ਦੋਸ਼ ਲਾਏ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਠੇਕੇਦਾਰ ਉਨ੍ਹਾਂ ਨੂੰ ਸੁਰੱਖਿਆ ਉਪਕਰਨ ਮੁਹੱਈਆ ਨਹੀਂ ਕਰਵਾ ਰਿਹਾ। ਜਿਸ ਕਾਰਨ ਸਾਡੇ ਮੁਲਾਜ਼ਮ ਹਰ ਰੋਜ਼ ਮਰ ਰਹੇ ਹਨ। ਉਨ੍ਹਾਂ ਨੂੰ ਠੇਕੇਦਾਰ ਵੱਲੋਂ ਦਸਤਾਨੇ, ਟਾਰਚ ਅਤੇ ਪੌੜੀ ਵੀ ਨਹੀਂ ਦਿੱਤੀ ਗਈ। ਦਸ-ਦਸ ਫੀਡਰਾਂ ’ਤੇ ਰੱਖ-ਰਖਾਅ ਦਾ ਕੰਮ ਦੋ ਮੁਲਾਜ਼ਮਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਦੋ ਮੁਲਾਜ਼ਮਾਂ ਨੂੰ ਸਿਰਫ਼ ਇੱਕ ਪਲਾਸ, ਇਕ ਪੇਚਕਸ ਅਤੇ ਇਕ ਜੋੜੀ ਦਸਤਾਨੇ ਦਿਤੇ ਜਾਂਦੇ ਹਨ। ਸਟਾਫ਼ ਦੀ ਘਾਟ ਕਾਰਨ ਮੁਲਾਜ਼ਮਾਂ ਨੂੰ ਦਿਨ ਰਾਤ ਕੰਮ ਕਰਨਾ ਪੈ ਰਿਹਾ ਹੈ।
ਕੀ ਕਹਿਣਾ ਹੈ ਐਸ.ਡੀ.ਓ. ਦਾ-
ਇਸ ਸਬੰਧੀ ਜਦੋਂ ਵਿਭਾਗ ਦੇ ਐਸ.ਡੀ.ਓ ਗੁਰਪ੍ਰੀਤ ਸਿੰਘ ਕੰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯੂਨੀਅਨ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਗੱਲਬਾਤ ਹੋ ਚੁੱਕੀ ਹੈ। ਯੂਨੀਅਨ ਅਤੇ ਪਰਿਵਾਰਕ ਮੈਂਬਰਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਜਿਸ ਵਿੱਚ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਐਕਸਗ੍ਰੇਸ਼ੀਆ ਗਰਾਂਟ, ਉਸ ਦੇ ਬੀਮੇ ਦੇ 10 ਲੱਖ ਰੁਪਏ, ਸਰਕਾਰ ਵੱਲੋਂ 5 ਲੱਖ ਰੁਪਏ, ਲੇਬਰ ਵੈਲਫੇਅਰ ਫੰਡ ਵਿੱਚੋਂ 2 ਲੱਖ 25 ਹਜ਼ਾਰ ਰੁਪਏ, ਪਤਨੀ ਨੂੰ ਪੈਨਸ਼ਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਸਦੀ ਪਤਨੀ ਨੂੰ ਵੀ ਪ੍ਰਾਈਵੇਟ ਤੌਰ ਤੇ ਵਿਭਾਗ ਵਿੱਚ ਨੌਕਰੀ ਦਿੱਤੀ ਜਾਵੇਗੀ। ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਮਨਦੀਪ ਸਿੰਘ ਦਾ ਸਸਕਾਰ ਕੀਤਾ ਜਾਵੇਗਾ।