ਫ਼ਤਹਿਗੜ੍ਹ ਸਾਹਿਬ, 22 ਸਤੰਬਰ ( ਸੰਜੀਵ ਗੋਇਲ, ਅਨਿਲ ਕੁਮਾਰ) -ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਵੈ ਰੋਜ਼ਗਾਰ ਅਤੇ ਵੱਖੋ ਵੱਖ ਖੇਤਰਾਂ ਵਿੱਚ ਰੋਜ਼ਗਾਰ ਦਿਵਾਉਣ ਸਬੰਧੀ ਕੈਂਪ ਲਗਾਇਆ ਗਿਆ, ਜਿਸ ਵਿੱਚ 14 ਪ੍ਰਾਰਥੀਆਂ ਦੀ ਚੌਣ ਕਰ ਕੇ ਯੋਗਤਾ ਅਨੁਸਾਰ ਨਿੱਜੀ ਖੇਤਰ ਦੀਆਂ ਕੰਪਨੀਆਂ ਵਿੱਚ ਸਿਲੈਕਸ਼ਨ ਕਰਵਾਈ ਗਈ।
ਸਵੈ ਰੋਜ਼ਗਾਰ ਨਾਲ ਸਬੰਧਤ ਪੰਜਾਬ ਸਰਕਾਰ ਦੇ ਅਦਾਰਿਆਂ ਨੇ ਵੀ ਇਸ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੂੰ ਆਪਣਾ ਕਿੱਤਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਹਨਾਂ ਵਿਭਾਗਾਂ ਵਿੱਚ ਬੀ.ਸੀ. ਕਾਰਪੋਰੇਸ਼ਨ ਤੋਂ ਮਨਮੀਤ ਸਿੰਘ, ਐਸ.ਸੀ ਕਾਰਪੋਰੇਸ਼ਨ ਤੋਂ ਗੁਰਲਾਲ ਸਿੰਘ ਅਤੇ ਖਾਦੀ ਬੋਰਡ ਵਲੋਂ ਸੁਨੀਲ ਕੁਮਾਰ ਨੇ ਪ੍ਰਾਰਥੀਆਂ ਨੰ ਆਪਣੇ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ।
ਸੁਨੀਲ ਕੁਮਾਰ, ਖਾਦੀ ਬੋਰਡ ਵੱਲੋਂ ਦੱਸਿਆ ਗਿਆ ਕਿ ਉਹਨਾਂ ਕੋਲ ਹੁਣ ਤੱਕ 114 ਪ੍ਰਾਰਥੀਆਂ ਨੇ ਆਪਣਾ ਕੰਮ ਸ਼ੁਰੂ ਕਰਨ ਲਈ ਅਰਜ਼ੀਆਂ ਦਿੱਤੀਆਂ ਹਨ, ਜਿਨ੍ਹਾਂ ਵਿਚੋਂ 15 ਪ੍ਰਾਰਥੀਆਂ ਦੇ ਲੋਨ ਸੈਂਕਸ਼ਨ ਕਰ ਦਿੱਤੇ ਗਏ ਹਨ ਅਤੇ 7 ਪ੍ਰਾਰਥੀਆਂ ਨੂੰ ਸਬਸੀਡੀ ਵੀ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਕੇਸ ਵੀ ਜਲਦੀ ਮੁਕੰਮਲ ਕਰ ਲਏ ਜਾਣਗੇ।
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸ਼੍ਰੀ ਹਰਪ੍ਰੀਤ ਸਿੰਘ ਸਿੱਧੂ ਵਲੋਂ ਪ੍ਰਾਰਥੀਆਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਗਈ।
ਇਸ ਕੈਂਪ ਦੌਰਾਨ ਪਲੇਸਮੈਂਟ ਅਫਸਰ ਜਸਵਿੰਦਰ ਸਿੰਘ ਅਤੇ ਕਰੀਅਰ ਕੌਂਸਲਰ ਹਰਮਨਦੀਪ ਸਿੰਘ ਵੀ ਹਾਜ਼ਰ ਰਹੇ।