ਜਲੰਧਰ,25 ਫਰਵਰੀ(ਬਿਊਰੋ ਡੇਲੀ ਜਗਰਾਉਂ ਨਿਊਜ਼ ਪੇਪਰ)- ਸ਼ਹਿਰ ਦੇ ਇਕ ਵੱਡੇ ਕਾਲੋਨਾਈਜ਼ਰ ਵੱਲੋਂ ਬੇਟੇ ਨੂੰ ਤੋਹਫ਼ਾ ਦੇਣ ਲਈ 4 ਕਰੋੜ ਵਿਚ ਖ਼ਰੀਦੀ ਗਈ ਲੈਂਬਾਰਗਿਨੀ ਅਵੈਂਟਾਡੋਰ ਸਪੋਰਟਸ ਕਾਰ ਟੈਸਟ ਡਰਾਈਵ ਦੌਰਾਨ 300 ਕਿਲੋਮੀਟਰ ਦੀ ਸਪੀਡ ਨਾਲ ਭਜਾਈ ਗਈ, ਜਿਸ ਦੇ ਬੇਕਾਬੂ ਹੋਣ ਨਾਲ ਉਸ ਦੇ ਪਰਖੱਚੇ ਉੱਡ ਗਏ। ਸ਼ੁਕਰ ਹੈ ਕਿ ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਲੋਨਾਈਜ਼ਰ ਨੇ ਆਪਣੀ ਨਵੀਂ ਕਾਰ ਨੂੰ ਪਹੁੰਚਾਏ ਗਏ ਨੁਕਸਾਨ ਦੀ ਭਰਪਾਈ ਲੈਂਬਾਰਗਿਨੀ ਕੰਪਨੀ ਵੱਲੋਂ ਕਰਵਾਏ ਜਾਣ ਤੋਂ ਬਾਅਦ ਹੀ ਕੰਪਨੀ ਦੇ ਸਟਾਫ਼ ਨੂੰ ਜਾਣ ਦਿੱਤਾ ਗਿਆ ਹਾਲਾਂਕਿ ਇਸ ਸਬੰਧੀ ਪਹਿਲਾਂ ਹੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਪਰ ਬਾਅਦ ਵਿਚ ਕੰਪਨੀ ਨਾਲ ਸਮਝੌਤਾ ਹੋਣ ਮਗਰੋਂ ਸ਼ਿਕਾਇਤ ਵਾਪਸ ਲੈ ਲਈ ਗਈ। ਹਾਲਾਂਕਿ ਇਸ ਤੋਂ ਪਹਿਲਾਂ ਕਾਲੋਨਾਈਜ਼ਰ ਦੇ ਬੇਟੇ ਨੇ ਕਾਰ ਨੂੰ ਟੈਸਟ ਡਰਾਈਵ ਕੀਤਾ ਸੀ। ਇਸ ਕਾਰ ਦੀ ਖ਼ਾਸੀਅਤ ਇਹ ਹੈ ਕਿ ਇਹ 4 ਸੈਕਿੰਡ ਵਿਚ ਹੀ 300 ਕਿਲੋਮੀਟਰ ਦੀ ਸਪੀਡ ਫੜ ਲੈਂਦੀ ਹੈ।ਜ਼ਿਕਰਯੋਗ ਹੈ ਕਿ ਅਰਬਨ ਅਸਟੇਟ ਤੋਂ ਨਕੋਦਰ ਨੂੰ ਜਾਂਦੀ ਸੜਕ ’ਤੇ ਰਹਿਣ ਵਾਲੇ ਇਕ ਵੱਡੇ ਕਾਲੋਨਾਈਜ਼ਰ ਨੇ ਇਕ ਪ੍ਰਾਈਵੇਟ ਬੈਂਕ ਤੋਂ ਲੋਨ ਲੈ ਕੇ ਕੁਝ ਦਿਨ ਪਹਿਲਾਂ ਮੁੰਬਈ ਤੋਂ ਕਾਲੇ ਰੰਗ ਦੀ ਲੈਂਬਾਰਗਿਨੀ ਸਪੋਰਟਸ ਕਾਰ ਬੁੱਕ ਕਰਵਾਈ ਸੀ। ਬੀਤੇ ਦਿਨ ਜਦੋਂ ਲੈਂਬਾਰਗਿਨੀ ਕਾਰ ਦਾ ਸਟਾਫ਼ ਕਾਰ ਦੀ ਡਿਲਿਵਰੀ ਕਰਨ ਲਈ ਕਾਲੋਨਾਈਜ਼ਰ ਦੀ ਕਾਲੋਨੀ ’ਚ ਆਇਆ ਤਾਂ ਉਥੇ ਮੌਜੂਦ ਕਾਲੋਨਾਈਜ਼ਰ ਨੇ ਕੰਪਨੀ ਦੇ ਮੈਨੇਜਰ ਨੂੰ ਇਸ ਦੀ ਟੈਸਟ ਡਰਾਈਵ ਲੈਣ ਲਈ ਕਿਹਾ। ਇਸ ’ਤੇ ਮੈਨੇਜਰ ਜਦੋਂ ਟੈਸਟ ਡਰਾਈਵ ਵਿਖਾ ਰਿਹਾ ਸੀ ਤਾਂ ਉਸ ਨੇ ਹੌਲੀ-ਹੌਲੀ ਕਾਰ ਦੀ ਸਪੀਡ ਵਧਾਉਣੀ ਸ਼ੁਰੂ ਕਰ ਦਿੱਤੀ। ਸਪੀਡ 300 ਤੋਂ ਪਾਰ ਪਹੁੰਚਦੇ ਹੀ ਕਾਰ ਬੇਕਾਬੂ ਹੋ ਗਈ ਅਤੇ ਸੜਕ ਦੇ ਕੰਢੇ ਖੜ੍ਹੀ ਕਾਲੋਨਾਈਜ਼ਰ ਦੀ ਫਾਰਚਿਊਨਰ ਗੱਡੀ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਫਾਰਚਿਊਨਰ ਲਗਭਗ 5 ਫੁੱਟ ਉੱਚੀ ਉਛਲ ਕੇ ਪਲਟ ਗਈ ਅਤੇ ਸਪੋਰਟਸ ਕਾਰ ਸਿੱਧਾ ਫੁੱਟਪਾਥ ਨਾਲ ਟਕਰਾਅ ਕੇ ਰੁਕ ਗਈ।ਵੇਖਣ ਵਾਲਿਆਂ ਦੀ ਮੰਨੀਏ ਤਾਂ ਜੇਕਰ ਲੈਂਬਾਰਗਿਨੀ ਫਾਰਚਿਊਨਰ ਨਾਲ ਨਾ ਟਕਰਾਉਂਦੀ ਤਾਂ ਇਹ ਸਪੋਰਟਸ ਕਾਰ ਲਗਭਗ 10 ਕਿਲੋਮੀਟਰ ਦੀ ਦੂਰੀ ਤੱਕ ਜਾ ਕੇ ਪਲਟ ਜਾਂਦੀ, ਜਿਸ ਨਾਲ ਡਰਾਈਵਰ ਦੀ ਜਾਨ ਤੱਕ ਵੀ ਜਾ ਸਕਦੀ ਸੀ। ਹਾਦਸੇ ਉਪਰੰਤ ਕਾਲੋਨਾਈਜ਼ਰ ਨੇ ਕੰਪਨੀ ਦੇ ਸਟਾਫ਼ ਤੋਂ ਸਪੋਰਟਸ ਕਾਰ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ।ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਸਟਾਫ਼ ਵੱਲੋਂ ਇੰਸ਼ੋਰੈਂਸ ਕੰਪਨੀ ਤੋਂ ਨੁਕਸਾਨ ਦੀ ਭਰਪਾਈ ਕਰਵਾਉਣ ਦੀ ਗੱਲ ਕਹੀ ਗਈ ਪਰ ਕਾਲੋਨਾਈਜ਼ਰ ਨੇ ਮੌਕੇ ’ਤੇ ਲੀਗਲ ਐਡਵਾਈਜ਼ਰ ਨੂੰ ਬੁਲਾ ਲਿਆ। ਰਾਤ ਲਗਭਗ 8 ਵਜੇ ਜਾ ਕੇ ਜਦੋਂ ਲੈਂਬਾਰਗਿਨੀ ਸਪੋਰਟਸ ਕਾਰ ਕੰਪਨੀ ਨੇ 4 ਕਰੋੜ ਦੀ ਕਾਲੋਨਾਈਜ਼ਰ ਦੇ ਅਕਾਊਂਟ ਵਿਚ ਬੈਂਕ ਟਰਾਂਜੈਕਸ਼ਨ ਕਰਵਾਈ ਤਾਂ ਹੀ ਕੰਪਨੀ ਦੇ ਸਟਾਫ਼ ਨੂੰ ਦਿੱਲੀ ਵਾਪਸ ਜਾਣ ਦਿੱਤਾ ਗਿਆ।