ਬਰਨਾਲਾ, 8 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਪੀਟੀਆਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਐਤਵਾਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੀ ਸੀ, ਜਦੋਂ ਪੁਲਿਸ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਪੁਲਿਸ ਨਾਲ ਤਕਰਾਰ ਹੋ ਗਈ। ਪੀਟੀਆਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਦੋਸ਼ ਲਾਇਆ ਕਿ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਉਹੀ ਵਿਅਕਤੀ ਹਨ, ਜੋ ਯੂਨੀਅਨ ਨਾਲ ਪਾਣੀ ਦੀਆਂ ਟੈਂਕੀਆਂ ’ਤੇ ਧਰਨੇ ’ਤੇ ਬੈਠਦੇ ਸਨ ਤੇ ਸਵੇਰੇ 4 ਵਜੇ ਉੱਠ ਕੇ ਯੂਨੀਅਨ ਦੇ ਧਰਨੇ ਵਿੱਚ ਸ਼ਾਮਲ ਹੁੰਦੇ ਸਨ।ਸਾਨੂੰ ਹਮੇਸ਼ਾ ਕਿਹਾ ਜਾਂਦਾ ਸੀ ਕਿ ਜਦੋਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਮੇਰੀ ਜੇਬ੍ਹ ‘ਚ ਹਰਾ ਪੈੱਨ ਹੋਵੇਗਾ, ਫਿਰ ਤੁਹਾਡੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ। ਪਰ ਹੁਣ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾ ਤਾਂ ਫ਼ੋਨ ਚੁੱਕਦੇ ਹਨ ਤੇ ਨਾ ਹੀ ਮਿਲਣ ਦਾ ਸਮਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਧਰਨੇ ਇਸੇ ਤਰ੍ਹਾਂ ਜਾਰੀ ਰਹਿਣਗੇ ਕਿਉਂਕਿ ਆਮ ਆਦਮੀ ਖਾਸ ਹੋ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਕਈ ਅਧਿਆਪਕ ਜ਼ਖਮੀ ਵੀ ਹੋ ਗਏ ਹਨ। ਉਥੇ ਹੀ ਪੁਲਿਸ ਦੁਆਰਾ ਕਈ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਵੀ ਜਾਣਕਾਰੀ ਮਿਲੀ ਹੈ।ਉਥੇ ਹੀ ਗ੍ਰਿਫ਼ਤਾਰ ਕੀਤੇ ਗਏ ਅਧਿਆਪਕਾਂ ਦਾ ਕਹਿਣਾ ਹੈ ਕਿ ਖੁਦ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੱਸਣ ਵਾਲੀ ਸਰਕਾਰ ਪਿਛਲੇ ਸਰਕਾਰ ਨਾਲੋ ਵਧੇਰੇ ਧੱਕਾਮੁੱਕੀ ਕਰਦੀ ਹੈ।