
ਸ੍ਰੀ ਮਾਛੀਵਾੜਾ ਸਾਹਿਬ, 9ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਸਥਾਨਕ ਸ਼ਹਿਰ ਦੇ ਪਿੰਡ ਗੜ੍ਹੀ ਨੇੜੇਉ ਲੰਘਦੀ ਸਰਹਿੰਦ ਨਹਿਰ ਦੇ ਪਵਾਤ ਪੁਲ ’ਤੇ ਅੱਜ ਸਵੇਰੇ 2 ਕਾਰਾਂ ਦੀ ਸਿੱਧੀ ਟੱਕਰ ਦੌਰਾਨ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 2 ਵਿਅਕਤੀ ਜਿਸ ਵਿਚ ਇੱਕ ਔਰਤ ਪ੍ਰੀਤਮ ਕੌਰ ਪਤਨੀ ਗੁਰਮੇਲ ਸਿੰਘ (65) ਵਾਸੀ ਢੰਡੇ ਅਤੇ ਮਿਲਨ ਸਹਿਗਲ ਪੁੱਤਰ ਅਸ਼ੋਕ ਕੁਮਾਰ ਵਾਸੀ ਭਾਮੀਆਂ ਰੋਡ, ਗੁਰੂ ਨਾਨਕ ਨਗਰ ਲੁਧਿਆਣਾ ਦੀ ਮੌਤ ਹੋ ਗਈ ਜਦਕਿ 1 ਬੱਚੇ ਸਮੇਤ 4 ਹੋਰ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਹੌਂਡਾ ਕਾਰ ਰੋਪੜ ਵਲੋਂ ਆ ਰਹੀ ਸੀ ਅਤੇ ਲੁਧਿਆਣਾ ਵਲੋਂ ਆ ਰਹੀ ਅਰਟਿਗਾ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿਚ ਦੋਵਾਂ ਕਾਰਾਂ ਦੇ ਚਾਲਕ ਜਖ਼ਮੀ ਹੋ ਗਏ ਜਦਕਿ ਕਾਰਾਂ ਦੇ ਸਾਹਮਣੇ ਸੀਟ ’ਤੇ ਬੈਠੇ 2 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਇੱਕ ਬੱਚਾ ਗੁਰਨੂਰ ਸਿੰਘ ਢੰਡੇ (10), ਹਰਗੁਨਪਨੀਤ ਸਿੰਘ ਵਾਸੀ ਬੌਂਦਲੀ, ਬਲਜੀਤ ਕੌਰ ਅਤੇ ਮਨੀਸ਼ (36) ਵਾਸੀ 33 ਫੁੱਟਾ ਰੋਡ ਲੁਧਿਆਣਾ ਜਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਮਰਾਲਾ ਹਰਵਿੰਦਰ ਸਿੰਘ ਖਹਿਰਾ, ਥਾਣਾ ਮੁਖੀ ਵਿਜੈ ਕੁਮਾਰ, ਬਹਿਲੋਲਪੁਰ ਚੌਂਕੀ ਇੰਚਾਰਜ਼ ਪ੍ਰਮੋਦ ਕੁਮਾਰ ਮੌਕੇ ’ਤੇ ਪਹੁੰਚ ਗਏ। ਇਸ ਹਾਦਸੇ ਵਿਚ ਪ੍ਰੀਤਮ ਕੌਰ ਅਤੇ ਮਿਲਨ ਸਹਿਗਲ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਜਖ਼ਮੀਆਂ ਨੂੰ ਸਮਰਾਲਾ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ। ਪੁਲਿਸ ਵਲੋਂ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ।