
“ਵੇਕਰਾ ਦਾ ਅਕਸ ਖਰਾਬ ਕਰਨ ਵਾਲੇ ‘ਤੇ ਹੋਵੇ ਸਖ਼ਤ ਕਾਰਵਾਈ : ਜਨਰਲ ਮੈਨੇਜਰ”
ਐੱਸਏਐੱਸ ਨਗਰ,09 ਮਈ ( ਰਾਜੇਸ਼ ਜੈਨ, ਰਿਤੇਸ਼ ਭੱਟ)-ਤੁਰਕੀ ‘ਚ ਸਾਲ 2020 ‘ਚ ਬਣੀ ਪੁਰਾਣੀ ਵੀਡੀਓ ਰਾਹੀਂ ਵੇਕਰਾ ਦਾ ਅਕਸ ਖ਼ਰਾਬ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਮਿਲਕਫੈੱਡ ਵੱਲੋਂ ਸੂਚਨਾ ਤਕਨਾਲੌਜੀ ਐਕਟ, 2000 ਤਹਿਤ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਜੋ ਸਮਾਜ ਦੇ ਬੇਈਮਾਨ ਤੇ ਗੈਰ-ਜ਼ਿੰਮੇਵਾਰ ਅਨਸਰਾਂ ਵਿਰੁੱਧ ਲੋੜੀਂਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਹ ਜਾਣਕਾਰੀ ਵੇਰਕਾ ਮੋਹਾਲੀ ਡੇਅਰੀ ਦੇ ਜਨਰਲ ਮੈਨੇਜਰ ਰਾਜ ਕੁਮਾਰ ਨੇ ਸਾਂਝੀ ਕੀਤੀ।ਇਸ ਸਬੰਧੀ ਜਨਰਲ ਮੈਨੇਜਰ ਰਾਜ ਕੁਮਾਰ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਦੁੱਧ ਨਾਲ ਨਹਾਉਂਦੇ ਵਿਅਕਤੀ ਦੀ ਤੁਰਕੀ ‘ਚ ਬਣੀ ਇਕ ਪੁਰਾਣੀ ਵੀਡੀਓ ਸਮਾਜ ਵਿਰੋਧੀ ਅਨਸਰਾਂ ਵੱਲੋਂ ਵੇਰਕਾ ਨਾਲ ਸਬੰਧਤ ਦੱਸ ਕੇ ਵਾਇਰਲ ਕੀਤੀ ਜਾ ਰਹੀ ਹੈ ਤਾਂ ਜੋ ਡੇਅਰੀ ਉਦਯੋਗ ‘ਚ ਵੇਰਕਾ ਦੀ ਵੱਧ ਰਹੀ ਪ੍ਰਸਿੱਧੀ ਤੇ ਇਸ ਦੇ ਸਹਿਕਾਰੀ ਬਰਾਂਡ ਦੇ ਸਾਫ਼ ਅਕਸ ਨੂੰ ਖੋਰਾ ਲਾਇਆ ਜਾ ਸਕੇ।ਜਨਰਲ ਮੈਨੇਜਰ ਨੇ ਦੱਸਿਆ ਕਿ ਵਾਇਰਲ ਵੀਡੀਉ ਦੀ ਤਸਵੀਰ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਇਹ ਕੋਝੀ ਹਰਕਤ ਵੇਰਕਾ ਬਰਾਂਡ ਦੀ ਨਿੱਤ ਵੱਧ ਰਹੀ ਪ੍ਰਸਿੱਧੀ ਨੂੰ ਖ਼ਰਾਬ ਕਰਨ ਦੇ ਇਰਾਦੇ ਨਾਲ ਕੀਤੀ ਗਈ ਹੈ। ਇਸ ਵੀਡੀਓ ‘ਤੇ ਵੇਰਕਾ ਦਾ ਨਾਮ ਲਿਖ ਕੇ ਸੋਸ਼ਲ ਮੀਡੀਆ ‘ਤੇ ਪਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕਰਨ ਉਪਰੰਤ ਸਖ਼ਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਹ ਵੀਡੀਓ ਚਲਾਈ ਜਾ ਰਹੀ ਹੋਵੇ, ਉਥੋਂ ਪੋਸਟ ਨੂੰ ਤੁਰੰਤ ਹਟਾਇਆ ਜਾਵੇ ਕਿਉਂਕਿ ਇਹ ਕਿਸੇ ਤਰ੍ਹਾਂ ਵੀ ਵੇਰਕਾ ਨਾਲ ਸਬੰਧਤ ਨਹੀਂ ਹੈ ਤੇ ਕੇਵਲ ਸਾੜੇ ਦੀ ਭਾਵਨਾ ਨਾਲ ਖਪਤਕਾਰਾਂ ਨੂੰ ਗੁਮਰਾਹ ਕਰਕੇ ਵੇਰਕਾ ਦੀ ਵੱਧ ਰਹੀ ਲੋਕਪਿ੍ਰਅਤਾ ਨੂੰ ਠੇਸ ਲਾਉਣ ਲਈ ਪਾਈ ਗਈ ਹੈ ਜਿਸ ਨਾਲ ਅਨੇਕਾਂ ਖਪਤਕਾਰਾਂ ਤੇ ਦੁੱਧ ਉਤਪਾਦਕਾਂ ਦਾ ਨੁਕਸਾਨ ਹੋਵੇਗਾ।ਜ਼ਿਕਰਯੋਗ ਹੈ ਕਿ ਵੇਰਕਾ ਦੇ ਸਾਰੇ ਮਿਲਕ ਪਲਾਂਟ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ 2006 (ਐੱਫਐੱਸ ਐੱਸਏਆਈ) ਵੱਲੋਂ ਨਿਰਧਾਰਿਤ ਸਾਰੀਆਂ ਕਾਨੂੰਨੀ ਜ਼ਰੂਰੀ ਸ਼ਰਤਾਂ ਨੂੰ ਪੂਰਾ ਕਰ ਰਹੇ ਹਨ ਅਤੇ ਉਸ ਮੁਤਾਬਕ ਕੰਮ ਕਰਦੇ ਹਨ।ਉਨ੍ਹਾਂ ਦੱਸਿਆ ਕਿ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਵੀਡੀਓ ਲਗਭਗ ਦੋ ਸਾਲ ਪੁਰਾਣੀ ਹੈ ਅਤੇ ਇਸ ਵੀਡੀਓ ਵੇਰਕਾ ਨਾਲ ਕੋਈ ਸਬੰਧ ਨਹੀਂ ਹੈ। ਮੀਡੀਆ ‘ਚ ਸਾਲ 2020 ਦੇ ਨਵੰਬਰ ਮਹੀਨੇ ਛਪੀਆਂ ਖ਼ਬਰਾਂ ਮੁਤਾਬਿਕ ਇਹ ਵੀਡੀਓ ਤੁਰਕੀ ਦੇ ਸੈਂਟਰਲ ਐਂਨਾਟੋਲੀਅਨ ਸੂਬੇ ਦੇ ਕੋਨੀਆ ਨਾਮਕ ਕਸਬੇ ‘ਚ ਫਿਲਮਾਈ ਗਈ ਹੈ। ਦੁੱਧ ਦੇ ਟੈਂਕ ‘ਚ ਜੋ ਆਦਮੀ ਨਹਾਉਂਦਾ ਦਿਖਾਈ ਦੇ ਰਿਹਾ ਹੈ ਉਸ ਦਾ ਨਾਮ ਐਮਰੇ ਸਯਾਰ ਹੈ।ਉਕਤ ਵੀਡੀਓ ਟਿਕਟੌਕ ਰਾਹੀਂ ਤੁਰਕੀ ਦੇ ਵਸਨੀਕ ਉੱਗਰ ਤੁਰਗਤ ਵੱਲੋਂ ਅਪਲੋਡ ਕੀਤੇ ਜਾਣ ਦਾ ਵੇਰਵਾ ਹੈ ਅਤੇ ਦੋਵਾਂ ਨੂੰ ਤੁਰਕੀ ਸਰਕਾਰ ਨੇ ਗਿ੍ਫ਼ਤਾਰ ਕਰ ਲਿਆ ਸੀ।